ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 12 ਮਾਰਚ
ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਦਿਨਕਰ ਗੁਪਤਾ ਨੇ ਅੱਜ ਸ਼ਾਮ ਨੂੰ ਇੱਥੋਂ ਦੇ ਥਾਣਾ ਫੇਜ਼-11 ਦੀ ਨਵੀਂ ਇਮਾਰਤ ਅਤੇ ਸਾਂਝ ਕੇਂਦਰ ਵਿੱਚ ਨਵੇਂ ‘ਸਾਂਝ ਸ਼ਕਤੀ ਹੈਲਪਡੈਸਕ’ ਸਮੇਤ ਕਈ ਵੱਕਾਰੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਐਮਡੀ ਐਮ.ਕੇ. ਤਿਵਾੜੀ, ਏਡੀਜੀਪੀ ਗੁਰਪ੍ਰੀਤ ਕੌਰ ਦਿਓ, ਐੱਸਐੱਸਪੀ ਸਤਿੰਦਰ ਸਿੰਘ ਵੀ ਮੌਜੂਦ ਸਨ।
ਡੀਜੀਪੀ ਨੇ ਰੂਰਲ ਸੀਸੀਟੀਵੀ ਪ੍ਰਾਜੈਕਟ ਦਾ ਵਰਚੁਅਲ ਤੌਰ ’ਤੇ ਉਦਘਾਟਨ ਵੀ ਕੀਤਾ ਜਿਸ ਤਹਿਤ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਮਹੱਤਵਪੂਰਨ ਰਣਨੀਤਕ ਥਾਵਾਂ ’ਤੇ ਅਪਰਾਧ ਦੀ ਪਛਾਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ 1 ਕਰੋੜ ਰੁਪਏ ਦੀ ਲਾਗਤ ਨਾਲ 154 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਉਪਰੰਤ ਡੀਜੀਪੀ ਨੇ 14 ਪੁਲੀਸ ਅਧਿਕਾਰੀਆਂ ਨੂੰ ਪ੍ਰਸੰਸਾ ਪੱਤਰ ਸੌਂਪੇ। ਉਨ੍ਹਾਂ ਨੇ 7 ਪੁਲੀਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਖੇਡਾਂ ਅਤੇ ਵਿੱਦਿਅਕ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਹਾਇਕ ਸਟਾਫ਼ ਨੂੰ ਵਧੀਆ ਸੇਵਾਵਾਂ ਨਿਭਾਉਣ ਲਈ ਵੀ ਸਨਮਾਨਿਤ ਕੀਤਾ।