ਨਵੀਂ ਦਿੱਲੀ, 9 ਜੁਲਾਈ
ਕਾਂਗਰਸ ਨੇ ਅਤਿਵਾਦ ਦੇ ਮਾਮਲੇ ‘ਤੇ ਭਾਜਪਾ ਨੂੰ ਘੇਰਨ ਲਈ ਅੱਜ ਦੇਸ਼ ਦੇ 22 ਸ਼ਹਿਰਾਂ ‘ਚ ਪ੍ਰੈੱਸ ਕਾਨਫਰੰਸਾਂ ਕੀਤੀਆਂ। ਕਾਂਗਰਸ ਵੱਲੋਂ ਇਲਜ਼ਾਮ ਹੈ ਕਿ ਉਦੈਪੁਰ ਵਿੱਚ ਦਰਜ਼ੀ ਦੀ ਹੱਤਿਆ ਦੇ ਦੋ ਦੋਸ਼ੀਆਂ ਵਿੱਚੋਂ ਇੱਕ ਭਾਜਪਾ ਦਾ ਮੈਂਬਰ ਹੈ ਅਤੇ ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀ ਦੇ ਭਾਜਪਾ ਨਾਲ ਸਬੰਧ ਹਨ। ਭਾਜਪਾ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਇਕ ਤੋਂ ਬਾਅਦ ਇਕ ਕਈ ਅਤਿਵਾਦੀਆਂ ਦੇ ਭਾਜਪਾ ਨਾਲ ਸਬੰਧਾਂ ਦੇ ਸਬੂਤ ਮਿਲ ਰਹੇ ਹਨ। ਭਾਜਪਾ ਦਾ ਅਤਿਵਾਦੀਆਂ ਨਾਲ ਰਿਸ਼ਤਾ ਹੈ ਤੇ ਇਹ ਰਿਸ਼ਤਾ ਕੀ ਕਹਾਉਂਦਾ ਹੈ?’ ਸ਼ਿਮਲਾ ‘ਚ ਅਜੈ ਸਿੰਘ ਯਾਦਵ, ਜੈਪੁਰ ‘ਚ ਸ਼ਕਤੀ ਸਿੰਘ ਗੋਹਿਲ, ਚੰਡੀਗੜ੍ਹ ‘ਚ ਜੀਤੂ ਪਟਵਾਰੀ, ਕੋਲਕਾਤਾ ‘ਚ ਰਾਜੀਵ ਗੌੜਾ, ਗੁਹਾਟੀ ‘ਚ ਰਣਜੀਤ ਰੰਜਨ ਸਮੇਤ ਕਈ ਹੋਰ ਆਗੂ ਵੱਖ-ਵੱਖ ਸ਼ਹਿਰਾਂ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਅਹਿਮਦਾਬਾਦ: ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ‘ਦਹਿਸ਼ਤਗਰਦਾਂ ਅਤੇ ਅਪਰਾਧੀਆਂ’ ਦੇ ਤਾਰ ਕਥਿਤ ਤੌਰ ’ਤੇ ਭਾਜਪਾ ਨਾਲ ਜੁੜੇ ਹੋਣ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ ਇਸ ਨੂੰ ਦੇਸ਼ ਲਈ ਚਿੰਤਾ ਦਾ ਸਬੱਬ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਬਾਰੇ ਆਤਮਚਿੰਤਨ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਦੇ ਅਨਸਰਾਂ ਨੂੰ ਪਾਰਟੀ ਵਿੱਚ ਆਉਣ ਦਾ ਰਾਹ ਮਿਲ ਰਿਹਾ ਹੈ। ਰਾਜਸਥਾਨ ਦੇ ਉਦੈਪੁਰ ਵਿੱਚ ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਦੇ ਇੱਕ ਮੁਲਜ਼ਮ ਰਿਆਜ਼ ਅਖਤਰੀ ਦੇ ਭਾਜਪਾ ਨਾਲ ਕਥਿਤ ਸਬੰਧ ਹੋਣ ਦੀਆਂ ਖ਼ਬਰਾਂ ਨੂੰ ਉਭਾਰਦਿਆਂ ਹਰਿਆਣਾ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕੇਂਦਰ ਵਿੱਚ ਸੱਤਾਧਾਰੀ ਪਾਰਟੀ (ਭਾਜਪਾ) ਤੋਂ ਮੰਗ ਕੀਤੀ ਕਿ ਉਹ ‘‘ਅੰਦਰੂਨੀ ਜਾਂਚ ਕਮੇਟੀ’ ਬਣਾਵੇ ਅਤੇ ਆਤਮ-ਵਿਸਲੇਸ਼ਣ ਕਰਨ ਲਈ ਪਾਰਟੀ ਦੀ ਕੌਮੀ ਕਾਰਜ ਕਮੇਟੀ ਦੇ ਮੀਟਿੰਗ ਬੁਲਾਵੇ। ਇੱਥੇ ਪ੍ਰੈੱਸ ਕਾਨਫਰੰਸ ਵਿੱਚ ਹੁੱਡਾ ਨੇ ਕਿਹਾ, ‘‘ਸਾਨੂੰ ਬਹੁਤ ਦੁੱਖ ਹੁੰਦਾ ਹੈ ਕਿ ਜਿਹੜੇ ਲੋਕ ਦੇਸ਼ ਨੂੰ ਨੁਕਸਾਨ ਪਹੁੰਚਾਉਣ ਸਾਜ਼ਿਸ਼ ਰਚ ਰਹੇ ਹਨ, ਉਨ੍ਹਾਂ ਨੂੰ ਭਾਜਪਾ ਵਿੱਚ ਜਗ੍ਹਾ ਮਿਲ ਰਹੀ ਹੈ। ਉਹ ਕੌਮੀ ਪਾਰਟੀ ਹੈ ਅਤੇ ਦੇਸ਼ ਵਿੱਚ ਸੱਤਾ ਵਿੱਚ ਹੈ। ਭਾਜਪਾ ਲਈ ਇਹ ਗੰਭੀਰਤਾ ਨਾਲ ਆਤਮ-ਵਿਸਲੇਸ਼ਣ ਕਰਨ ਦਾ ਵਿਸ਼ਾ ਹੋਣਾ ਚਾਹੀਦਾ ਹੈ।’’ ਜੰਮੂੁ-ਕਸ਼ਮੀਰ ਤੋਂ ਗ੍ਰਿਫ਼ਤਾਰ ਦਹਿਸ਼ਤਗਰਦ ਤਾਲਬਿ ਹੁਸੈਨ, ਦਹਿਸ਼ਤਗਰਦੀ ਦੇ ਦੋਸ਼ ਹੇਠ ਗ੍ਰਿਫ਼ਤਾਰ ਜੰਮੂ ਕਸ਼ਮੀਰ ਦੇ ਪਿੰਡਾਂ ਦੇ ਸਰਪੰਚ ਤਾਰਿਕ ਅਹਿਮਦ ਮੀਰ, ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਲਈ ਕਥਿਤ ਜਾਸੂਸੀ ਕਰਨ ਦੇ ਦੋਸ਼ ਹੇਠ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਧਰੁਵ ਸਕਸੈਨਾ ਦੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਹੁੱਡਾ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਸਬੰਧ ਭਾਜਪਾ ਨਾਲ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਲੋਕ ਪਾਰਟੀ ਦੇ ਅਹੁਦੇਦਾਰ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਦੇ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿਵੇਂ ਅਜਿਹੇ ਲੋਕ ਪਾਰਟੀ ਨਾਲ ਜੁੜ ਗਏ। ਹੁੱਡਾ ਨੇ ਸਵਾਲ ਕੀਤਾ, ‘‘ਜੇਕਰ ਉਹ ਆਪਣੇ ਹੀ ਘਰ ਨੂੰ ਸੁਰੱਖਿਅਤ ਰੱਖਣ ’ਚ ਸਫਲ ਨਹੀਂ ਰਹਿ ਸਕਦੇ ਤਾਂ ਦੇਸ਼ ਨੂੰ ਦਹਿਸ਼ਤਗਰਦਾਂ ਤੋਂ ਕਿਵੇਂ ਸੁਰੱਖਿਅਤ ਰੱਖ ਸਕਣਗੇ? ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੰਨਣਾ ਹੈ ਕਿ ਦਹਿਸ਼ਤਗਰਦੀ ਅਤੇ ਕੌਮੀ ਸੁਰੱਖਿਆ ਦੇ ਮੁੱਦੇ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਸਾਰਿਆਂ ਦੇ ਰਾਇ ਦੇਸ਼ ਨੂੰ ਸੁਰੱਖਿਅਤ ਰੱਖਣ ਦੀ ਹੈ।