ਡਾ ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 8 ਅਗਸਤ
ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿਛੜੇ ਚਾਚਾ-ਭਤੀਜਾ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਮਿਲੇ। 92 ਸਾਲਾ ਬਜ਼ੁਰਗ ਸਰਵਣ ਸਿੰਘ ਆਪਣੇ 75 ਸਾਲਾ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਭਾਵੁਕ ਹੋ ਗਏ। ਸਰਵਣ ਸਿੰਘ ਅੱਜ ਜਲੰਧਰ ਤੋਂ ਆਪਣੀ ਧੀ ਰਸ਼ਪਾਲ ਕੌਰ ਨਾਲ ਕਰਤਾਰਪੁਰ ਲਾਂਘੇ ਜ਼ਰੀਏ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਗਏ, ਜਿੱਥੇ ਉਹ 75 ਸਾਲ ਬਾਅਦ ਆਪਣੇ ਭਤੀਜੇ ਮੋਹਨ ਸਿੰਘ ਨੂੰ ਮਿਲੇ।
ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਨੇ ਛੇ ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਦੇ 22 ਮੈਂਬਰਾਂ ਨੂੰ ਗੁਆ ਦਿੱਤਾ ਸੀ। ਪਾਕਿਸਤਾਨ ’ਚ ਉਸ ਦਾ ਪਾਲਣ-ਪੋਸ਼ਣ ਇੱਕ ਮੁਸਲਿਮ ਪਰਿਵਾਰ ਨੇ ਹੀ ਕੀਤਾ। ਉਸ ਦਾ ਨਾਂ ਹੁਣ ਅਬਦੁਲ ਖ਼ਾਲਿਕ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਮੋਹਨ ਉਰਫ ਅਬਦੁਲ ਖ਼ਾਲਿਕ ਦਾ ਪਾਕਿਸਤਾਨ ’ਚ ਕਾਫੀ ਵੱਡਾ ਪਰਿਵਾਰ ਹੈ ਅਤੇ ਸਾਰੇ ਉਸ ਨੂੰ ਨੂੰ ਮਿਲਣ ਆਏ ਸਨ। ਉਨ੍ਹਾਂ ਦੱਸਿਆ ਕਿ ਇੰਨੇ ਸਾਲਾਂ ਬਾਅਦ ਉਨ੍ਹਾਂ ਨੂੰ ਆਪਣੇ ਭਤੀਜੇ ਦਾ ਪਤਾ ਇੱਕ ਵੀਡੀਓ ਜ਼ਰੀਏ ਲੱਗਾ ਸੀ। ਇਸ ਮੁਲਾਕਾਤ ਲਈ ਸਰਵਣ ਸਿੰਘ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।
ਰਸ਼ਪਾਲ ਕੌਰ ਨੇ ਦੱਸਿਆ ਕਿ ਮੋਹਨ ਉਰਫ ਅਬਦੁਲ ਖ਼ਾਲਿਕ ਦੀ ਸਕੀ ਭੈਣ ਕੈਨੇਡਾ ਰਹਿੰਦੀ ਹੈ ਅਤੇ ਜਲਦ ਹੀ ਉਹ ਉਸ ਨੂੰ ਪਾਕਿਸਤਾਨ ਮਿਲਣ ਜਾਵੇਗੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿਛੜਿਆਂ ਨੂੰ ਮਿਲਾਉਣ ਵਾਲਾ ਸਥਾਨ ਬਣ ਗਿਆ ਹੈ।