ਕੁਲਦੀਪ ਸਿੰਘ
ਚੰਡੀਗੜ੍ਹ, 12 ਮਾਰਚ
ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਯੂ.ਟੀ. ਪਾਵਰਮੈਨ ਯੂਨੀਅਨ ਚੰਡੀਗੜ੍ਹ ਦੇ ਸੱਦੇ ’ਤੇ ਅੱਜ ਬਿਜਲੀ ਕਾਮਿਆਂ ਵੱਲੋਂ ਸੈਕਟਰ-17 ਸਥਿਤ ਦਫ਼ਤਰ ਦੇ ਸਾਹਮਣੇ ਰੋਸ ਰੈਲੀ ਕੀਤੀ ਗਈ। ਇਕੱਠੇ ਹੋਏ ਮੁਲਾਜ਼ਮਾਂ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ, ਬਿਜਲੀ ਸੋਧ ਬਿੱਲ-2021 ਨੂੰ ਰੱਦ ਕਰਵਾਉਣ, ਨਿੱਜੀਕਰਨ ਦੇ ਦਸਤਾਵੇਜ਼ ਸਟੈਂਡਰਡ ਬਿਡਿੰਗ ਡਾਕੂਮੈਂਟ ਨੂੰ ਰੱਦ ਕਰਨ ਅਤੇ ਸੁਚਾਰੂ ਰੂਪ ਨਾਲ ਅਤੇ ਮੁਨਾਫ਼ੇ ਵਿੱਚ ਚੱਲ ਰਹੇ ਚੰਡੀਗੜ੍ਹ ਦੇ ਬਿਜਲੀ ਵਿਭਾਗ ਦਾ ਨਿੱਜੀਕਰਨ ਰੱਦ ਕਰਵਾਉਣ ਦੀ ਮੰਗ ਰੱਖੀ ਅਤੇ ਯੂ.ਟੀ. ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਕੇਂਦਰ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਕਿਹਾ ਕਿ ਮੁਨਾਫ਼ੇ ਵਿੱਚ ਚੱਲ ਰਹੇ ਬਿਜਲੀ ਵਿਭਾਗ ਨੂੰ ਕਾਰਪੋਰੇਟ ਹੱਥਾਂ ਵਿੱਚ ਦੇਣਾ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਦਾਲਤ ਵੱਲੋਂ ਅੰਤ੍ਰਿਮ ਰੋਕ ਦੇ ਬਾਵਜੂਦ ਵੀ ਚੰਡੀਗੜ੍ਹ ਪ੍ਰਸ਼ਾਸਨ ਨਿੱਜੀਕਰਨ ਦੀ ਪ੍ਰਕਿਰਿਆ ਰੋਕ ਨਹੀਂ ਰਿਹਾ ਹੈ।
ਯੂਨੀਅਨ ਪ੍ਰਧਾਨ ਧਿਆਨ ਸਿੰਘ ਨੇ ਕਿਹਾ ਕਿ ਵਿਭਾਗ ਦਾ ਨਿੱਜੀਕਰਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੁਆਇੰਟ ਸਕੱਤਰ ਅਮਰੀਕ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਪਾਨ ਸਿੰਘ ਅਤੇ ਰਣਜੀਤ ਸਿੰਘ ਆਦਿ ਨੇ ਸਰਕਾਰ ਦੀ ਨਿੱਜੀਕਾਰਨ ਨੀਤੀ ਉੱਤੇ ਹਮਲਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ।
ਯੂ.ਟੀ. ਪਾਵਰਮੈਨ ਯੂਨੀਅਨ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਮੋਹੀ, ਨਰਿੰਦਰ ਕੁਮਾਰ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਆਗੂਆਂ ਨੇ ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਵੀ ਯੂਨੀਅਨ ਦੇ ਸੰਘਰਸ਼ ਵਿੱਚ ਕੁੱਦਣ ਦੀ ਅਪੀਲ ਕੀਤੀ ਹੈ ਕਿਉਂਕਿ ਵਿਭਾਗ ਇਸ ਸਮੇਂ ਨਿਰਵਿਘਨ ਅਤੇ ਸਸਤੀ ਬਿਜਲੀ ਸਪਲਾਈ ਦੇ ਰਿਹਾ ਹੈ ਅਤੇ ਪਿਛਲੇ ਪੰਜ ਸਾਲਾਂ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਬਿਡਿੰਗ ਪ੍ਰਕਿਰਿਆ ਨੂੰ ਬੰਦ ਨਹੀਂ ਕੀਤਾ ਗਿਆ ਤਾਂ 18 ਮਾਰਚ ਨੂੰ ਨਿਊ ਪਾਵਰਹਾਊਸ ਦੇ ਸਾਹਮਣੇ ਧਰਨਾ ਦੇਣਗੇ।
ਸਟਰੀਟ ਲਾਈਟ ਮੁਲਾਜ਼ਮਾਂ ਦਾ ਵੀ ਰੋਹ ਭਖਿਆ
ਨਗਰ ਨਿਗਮ ਦਫ਼ਤਰ ਵਿੱਚ ਕੰਮ ਕਰਦੇ ਬਿਜਲੀ ਕਾਮਿਆਂ ’ਤੇ ਆਧਾਰਿਤ ਇਲੈਕਟ੍ਰੀਸਿਟੀ ਸਟਰੀਟ ਲਾਈਟ ਇੰਪਲਾਈਜ਼ ਤੇ ਵਰਕਰਜ਼ ਯੂਨੀਅਨ ਐਮ.ਸੀ. ਚੰਡੀਗੜ੍ਹ ਨੇ ਅੱਜ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਹੇਠ ਸੈਕਟਰ 19-ਬੀ ਸਥਿਤ ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਡੇਲੀਵੇਜ਼ ਅਤੇ ਆਊਟਸੋਰਸ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਬਿਜਲੀ ਕਾਮਿਆਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਯੂ.ਟੀ. ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐਮ.ਸੀ. ਇੰਪਲਾਈਜ਼ ਐਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਸਿੰਘ ਅਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਖਾਲੀ ਅਸਾਮੀਆਂ ’ਤੇ ਡੇਲੀਵੇਜ਼ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ 31 ਦਸੰਬਰ 2006 ਤੋਂ ਬਾਅਦ ਭਰਤੀ ਹੋਏ ਦਿਹਾੜੀਦਾਰ ਮਜ਼ਦੂਰਾਂ ਨੂੰ 13 ਮਾਰਚ 2015 ਦੀ ਪਾਲਿਸੀ ਵਿੱਚ ਸੋਧ ਕਰਕੇ ਸਾਰੇ ਭੱਤੇ ਦਿੱਤੇ ਜਾਣ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਸਟਰੀਟ ਲਾਈਟ ਇੰਪਲਾਈਜ਼ ਤੇ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਦਲਜੀਤ ਸਿੰਘ ਅਤੇ ਪ੍ਰਧਾਨ ਰਵਿੰਦਰ ਸਿੰਘ ਨੇ ਮੰਗਾਂ ਨੂੰ ਜਲਦ ਮੰਨਣ ਲਈ ਯੂ.ਟੀ. ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਕਰਮਚਾਰੀ ਪ੍ਰਸ਼ਾਸਨ ਵਿਰੁੱਧ ਸੰਘਰਸ਼ ਕਰ ਰਹੇ ਹਨ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਆਊਟਸੋਰਸ ਪ੍ਰਾਈਵੇਟ ਕੰਪਨੀ ਦੇ ਠੇਕੇਕਾਰ ਕਰਮਚਾਰੀਆਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਨਿਲ ਕੁਮਾਰ, ਕਿਸ਼ੋਰੀ ਲਾਲ, ਪਵਨ ਕੁਮਾਰ ਅਤੇ ਪ੍ਰੇਮ ਕੁਮਾਰ ਨੇ ਵੀ ਸੰਬੋਧਨ ਕੀਤਾ।