ਨਵੀਂ ਦਿੱਲੀ, 2 ਅਕਤੂਬਰ
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਕਾਮਿਆਂ ਦਾ ‘ਸਭ ਤੋਂ ਵੱਡਾ ਹਮਦਰਦ’ ਦੱਸਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਖੇਤੀ ਸੈਕਟਰ ਦੇ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਸਫ਼ਲ ਰਹੇਗਾ ਅਤੇ ਕਿਸਾਨਾਂ ਦੀ ਜਿੱਤ ਹੋਵੇਗੀ। ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੋਨੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਕਿਸਾਨਾਂ, ਮਜ਼ਦੂਰਾਂ ਤੇ ਕਾਮਿਆਂ ਦੇ ਸਭ ਤੋਂ ਵੱਡੇ ਹਮਦਰਦ ਸਨ ਅਤੇ ਸ਼ਾਸਤਰੀ ਨੇ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ। ਕਾਂਗਰਸ ਪ੍ਰਧਾਨ ਦਾ ਇਹ ਬਿਆਨ ਵੀਡੀਓ ਸੁਨੇਹੇ ਦੇ ਰੂਪ ’ਚ ਆਇਆ ਹੈ ਜਦੋਂ ਉਨ੍ਹਾਂ ਦੀ ਪਾਰਟੀ ਵੱਲੋਂ ਮੁਲਕ ਦੇ ਹਰੇਕ ਜ਼ਿਲ੍ਹੇ ’ਚ ਕਿਸਾਨਾਂ ਦੇ ਪੱਖ ਅਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਧਰਨੇ ਦਿੱਤੇ ਗਏ। ਉਨ੍ਹਾਂ ਕਿਹਾ,‘‘ਗਾਂਧੀ ਜੀ ਆਖਦੇ ਸਨ ਕਿ ਭਾਰਤ ਦੀ ਆਤਮਾ ਪਿੰਡਾਂ, ਖੇਤਾਂ ਅਤੇ ਢਾਣੀਆਂ ’ਚ ਵਸਦੀ ਹੈ ਪਰ ਮੁਲਕ ਦੇ ਕਿਸਾਨ ਅਤੇ ਮਜ਼ਦੂਰ ਅੱਜ ਕਾਲੇ ਕਾਨੂੰਨਾਂ ਖਿਲਾਫ਼ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਾਨੂੰਨ ਹਮੇਸ਼ਾ ਲੋਕਾਂ ਦੀ ਸਹਿਮਤੀ ਨਾਲ ਬਣਾਏ ਅਤੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਕਿਉਂਕਿ ਲੋਕਤੰਤਰ ਦਾ ਮਤਲਬ ਇਹ ਵੀ ਹੈ ਕਿ ਦੇਸ਼ ਦੇ ਹਰੇਕ ਫ਼ੈਸਲੇ ’ਤੇ ਦੇਸ਼ ਵਾਸੀਆਂ ਦੀ ਸਹਿਮਤੀ ਹੋਵੇ। ‘ਪਰ ਕੀ ਮੋਦੀ ਸਰਕਾਰ ਇਸ ’ਚ ਯਕੀਨ ਰਖਦੀ ਹੈ? ਸ਼ਾਇਦ ਮੋਦੀ ਸਰਕਾਰ ਨੂੰ ਚੇਤੇ ਨਹੀਂ ਹੈ ਕਿ ਉਹ ਕਿਸਾਨ ਪੱਖੀ ‘ਢੁੱਕਵਾਂ ਮੁਆਵਜ਼ਾ ਕਾਨੂੰਨ ਦੇ ਹੱਕ ਅਤੇ ਜ਼ਮੀਨ ਐਕੁਆਇਰ ’ਚ ਪਾਰਦਰਸ਼ਤਾ, ਮੁੜ ਵਸੇਬਾ ਤੇ ਪੁਨਰਵਾਸ ਐਕਟ’ ਨੂੰ ਆਰਡੀਨੈਂਸ ਨਾਲ ਵੀ ਨਹੀਂ ਬਦਲ ਸਕੀ ਸੀ।’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਲੜਾਈ ਜਾਰੀ ਰਖੇਗੀ। ਉਨ੍ਹਾਂ ਮੁਤਾਬਕ ਪਾਰਟੀ ਵਰਕਰ ਅੱਜ ਹਰੇਕ ਵਿਧਾਨ ਸਭਾ ਹਲਕੇ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੱਖ ’ਚ ਪ੍ਰਦਰਸ਼ਨ ਕਰ ਰਹੇ ਹਨ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੌਰਾਨ ਸਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਹਰੇਕ ਦੇਸ਼ ਵਾਸੀ ਨੂੰ ਮੁਫ਼ਤ ’ਚ ਅਨਾਜ ਮਿਲਣਾ ਚਾਹੀਦਾ ਹੈ ਤਾਂ ਕੀ ਇਹ ਕਿਸਾਨ ਭਰਾਵਾਂ ਤੋਂ ਬਗੈਰ ਸੰਭਵ ਸੀ ਕਿ ਕਰੋੜਾਂ ਲੋਕਾਂ ਲਈ ਦੋ ਵੇਲੇ ਦੀ ਰੋਟੀ ਦਾ ਉਹ ਪ੍ਰਬੰਧ ਕਰ ਸਕਦੇ। ਉਨ੍ਹਾਂ ਦੋਸ਼ ਲਾਇਆ,‘‘ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਅੰਨਦਾਤੇ ਕਿਸਾਨਾਂ ਨਾਲ ਘੋਰ ਅਨਿਆਂ ਕਰ ਰਹੇ ਹਨ। ਕਾਨੂੰਨ ਕਿਸਾਨਾਂ ਲਈ ਬਣਾਏ ਗਏ ਹਨ ਪਰ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਚੋਣਵੇਂ ਦੋਸਤਾਂ ਨਾਲ ਗੱਲ ਕਰਕੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ ਗਏ। ਸੰਸਦ ’ਚ ਬਿੱਲ ਪਾਸ ਕਰਨ ਸਮੇਂ ਜਦੋਂ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ ਗਈ ਤਾਂ ਉਨ੍ਹਾਂ ਨੂੰ ਮਹਾਤਮਾ ਗਾਂਧੀ ਵੱਲੋਂ ਦਿਖਾਏ ਰਾਹ ਮੁਤਾਬਕ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਕੀਤਾ ਗਿਆ।’’ ਸੋਨੀਆ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਗ਼ੈਰ-ਜਮਹੂਰੀ, ਜਨ ਵਿਰੋਧੀ ਸਰਕਾਰ ਨੇ ਉਨ੍ਹਾਂ ’ਤੇ ਲਾਠੀਆਂ ਵਰ੍ਹਾਈਆਂ।
-ਪੀਟੀਆਈ
ਕਾਂਗਰਸ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਆਦਰਸ਼ ਕਾਨੂੰਨ ਦਾ ਖਰੜਾ ਤਿਆਰ
ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਇਰਾਦੇ ਨਾਲ ਆਦਰਸ਼ ਕਾਨੂੰਨ ਦਾ ਖਰੜਾ ਤਿਆਰ ਕੀਤਾ ਹੈ ਜਿਸ ਨੂੰ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ ਪਾਸ ਕਰਵਾਇਆ ਜਾਵੇਗਾ। ਇਸ ਦਾ ਨਾਮ ਕਿਸਾਨਾਂ ਦੇ ਹਿੱਤਾਂ ਅਤੇ ਖੇਤੀ ਪੈਦਾਵਾਰ (ਵਿਸ਼ੇਸ਼ ਮੱਦ) ਦੀ ਸੁਰੱਖਿਆ ਬਿੱਲ ਰੱਖਿਆ ਗਿਆ ਹੈ। ਖਰੜੇ ਨੂੰ ਕਾਂਗਰਸ ਦੇ ਸੰਸਦ ਮੈਂਬਰ ਅਤੇ ਕਾਨੂੰਨੀ ਮਾਹਿਰ ਅਭਿਸ਼ੇਕ ਸਿੰਘਵੀ ਨੇ ਪ੍ਰਵਾਨਗੀ ਦਿੱਤੀ ਹੈ। ਇਸ ’ਚ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨਾਂ ਨੂੰ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਮਿਲੇ। ਸੂਤਰਾਂ ਨੇ ਅੱਜ ਦੱਸਿਆ ਕਿ ਆਦਰਸ਼ ਕਾਨੂੰਨ ਦਾ ਖਰੜਾ ਛੇਤੀ ਹੀ ਕਾਂਗਰਸ ਸ਼ਾਸਿਤ ਸੂਬਿਆਂ ਨੂੰ ਭੇਜਿਆ ਜਾਵੇਗਾ ਤਾਂ ਜੋ ਉਥੋਂ ਦੀਆਂ ਵਿਧਾਨ ਸਭਾਵਾਂ ’ਚ ਇਸ ਨੂੰ ਮਨਜ਼ੂਰੀ ਦਿੱਤੀ ਜਾ ਸਕੇ। ਕੁਝ ਦਿਨ ਪਹਿਲਾਂ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਸ਼ਾਸਿਤ ਸੂਬਿਆਂ ਨੂੰ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਕਾਨੂੰਨ ਬਣਾਉਣ ਬਾਰੇ ਵਿਚਾਰ ਕਰਨ ਲਈ ਕਿਹਾ ਸੀ।
-ਪੀਟੀਆਈ