ਨਵੀਂ ਦਿੱਲੀ, 9 ਮਈ
ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਕਰੋਨਾ ਵੈਕਸੀਨ ਦੇ 72 ਲੱਖ ਤੋਂ ਵੱਧ ਡੋਜ਼ ਅਜੇ ਵੀ ਮੌਜੂਦ ਹਨ ਜਦਕਿ ਅਗਲੇ ਤਿੰਨ ਦਿਨਾਂ ਵਿਚ ਰਾਜਾਂ ਤੇ ਯੂਟੀਜ਼ ਨੂੰ ਵੈਕਸੀਨ ਦੇ 46 ਲੱਖ ਹੋਰ ਡੋਜ਼ ਮਿਲ ਜਾਣਗੇ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਸਰਕਾਰ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰੋਨਾ ਵਿਰੋਧੀ ਵੈਕਸੀਨ ਦੇ 17,56,20,810 ਡੋਜ਼ ਮੁਫ਼ਤ ਮੁਹੱਈਆ ਕਰਵਾ ਚੁੱਕੀ ਹੈ। ਇਨ੍ਹਾਂ ਵਿਚੋਂ ਬਰਬਾਦੀ ਸਮੇਤ ਹੁਣ ਤੱਕ 16,83,78,796 ਡੋਜ਼ ਵਰਤੇ ਜਾ ਚੁੱਕੇ ਹਨ ਜਦਕਿ ਵੈਕਸੀਨ ਦੇ 72,42,014 ਡੋਜ਼ ਅਜੇ ਵੀ ਸੂਬਿਆਂ ਤੇ ਯੂਟੀਜ਼ ਕੋਲ ਪਏ ਹਨ। ਮੰਤਰਾਲੇ ਨੇ ਕਿਹਾ, ‘‘ਜਿਹੜੇ ਸੂਬੇ ਬਕਾਇਆ ਸਿਫ਼ਰ ਦਿਖਾ ਰਹੇ ਹਨ ਉਹ ਬਰਬਾਦੀ ਸਮੇਤ ਵਰਤੋਂ ਵਿਚ ਲਿਆਂਦੀ ਵੈਕਸੀਨ ਦੀ ਗਿਣਤੀ ਸਪਲਾਈ ਕੀਤੀ ਵੈਕਸੀਨ ਨਾਲੋਂ ਵੱਧ ਦਿਖਾ ਰਹੇ ਹਨ ਕਿਉਂਕਿ ਉਨ੍ਹਾਂ ਵੱਲੋਂ ਹਥਿਆਰਬੰਦ ਬਲਾਂ ਨੂੰ ਸਪਲਾਈ ਕੀਤੀ ਗਈ ਵੈਕਸੀਨ ਦਾ ਮਿਲਾਣ ਨਹੀਂ ਕੀਤਾ ਗਿਆ ਹੈ।’’ ਮੰਤਰਾਲੇ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੇ ਅੰਦਰ ਰਾਜਾਂ ਤੇ ਯੂਟੀਜ਼ ਨੂੰ ਵੈਕਸੀਨ ਦੇ 46,61,960 ਡੋਜ਼ ਹੋਰ ਮਿਲ ਜਾਣਗੇ।
-ਪੀਟੀਆਈ