ਮੁੰਬਈ: ਅਦਾਕਾਰਾ ਪਾਇਲ ਘੋਸ਼ ਇਨ੍ਹੀਂ ਦਿਨੀਂ ਹੌਲੀਵੁੱਡ ਸਟਾਰ ਜੈਨੀਫਰ ਲੋਪੇਜ਼ ਦੀਆਂ ਫਿਲਮਾਂ ਦੇਖ ਰਹੀ ਹੈ। ਖਾਸਕਰ 2019 ਦੀ ਕਰਾਈਮ ਕਾਮੇਡੀ ‘ਹਸਟਲਰਜ਼’ ਵਿੱਚ ਉਸ ਦੀ ਪੋਲ ਡਾਂਸਰ ਦੀ ਭੂਮਿਕਾ ਉਸ ਨੂੰ ਕਾਫ਼ੀ ਪਸੰਦ ਆ ਰਹੀ ਹੈ। ਪਾਇਲ ਦਾ ਕਹਿਣਾ ਹੈ ਲੋਪੇਜ਼ ਨੂੰ ਨੇੜੇ ਤੋਂ ਦੇਖਣਾ ਉਸ ਦੀ ਆਉਣ ਵਾਲੀ ਫਿਲਮ ‘ਨਿਊ ਯਾਰਕ ਟੂ ਹਰਿਦੁਆਰ’ ਦੇ ਇੱਕ ਗਾਣੇ ਲਈ ਪੋਲ ਡਾਂਸ ਵਿੱਚ ਮੁਹਾਰਤ ਹਾਸਲ ਕਰਨ ਲਈ ਸਿਖਲਾਈ ਦਾ ਇੱਕ ਹਿੱਸਾ ਹੈ। ਉਹ ਆਪਣੇ ਇਸ ਹੁਨਰ ਨੂੰ ਉਭਾਰਨ ਲਈ ਆਨਲਾਈਨ ਕਲਾਸਾਂ ਵੀ ਲਗਾ ਰਹੀ ਹੈ। ਪਾਇਲ ਨੇ ਦੱਸਿਆ, ‘‘ਫਿਲਮ ‘ਨਿਊ ਯਾਰਕ ਟੂ ਹਰਿਦੁਆਰ’ ਦੀ ਸਕਿਰਪਟ ਕਾਫ਼ੀ ਮਜ਼ੇਦਾਰ ਹੈ। ਮੈਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇੱਕ ਗਾਣੇ ਲਈ ਪੋਲ ਡਾਂਸ ਦੀ ਲੋੜ ਪਵੇਗੀ। ਮੈਂ ‘ਹਸਟਲਰਜ਼’ ਵਿੱਚ ਲੋਪੇਜ਼ ਦਾ ਕੰਮ ਦੇਖਿਆ ਅਤੇ ਉਸ ਦੀ ਪੇਸ਼ਕਾਰੀ ਸ਼ਾਨਦਾਰ ਹੈ। ਮੈਨੂੰ ਯਕੀਨ ਹੈ ਕਿ ਮੈਂ ਵੀ ਆਪਣੇ ਵੱਲੋਂ ਬਿਹਤਰ ਪ੍ਰਦਰਸ਼ਨ ਕਰਾਂਗੀ। ਇਸ ਲਈ ਮੈਂ ਆਨਲਾਈਨ ਕਲਾਸਾਂ ਲਗਾ ਰਹੀ ਹਾਂ ਅਤੇ ਹਾਲਾਤ ਠੀਕ ਹੋਣ ’ਤੇ ਕੋਚਿੰਗ ਵੀ ਲਵਾਂਗੀ।’’ ਅਦਾਕਾਰਾ ਨੇ ਮਹਾਮਾਰੀ ਨਾਲ ਨਜਿੱਠਣ ਲਈ ਮਜ਼ਬੂਤ ਰਹਿਣ ਦੇ ਨਾਲ-ਨਾਲ ਹਦਾਇਤਾਂ ਦਾ ਪਾਲਣ ਕਰਨ ਦਾ ਸੱਦਾ ਦਿੱਤਾ। ਉਸ ਦੀ ਆਉਣ ਵਾਲੀ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਾਜੀਵ ਚੌਧਰੀ ਹਨ ਅਤੇ ਫਿਲਮ ਦੀ ਸ਼ੂਟਿੰਗ ਨਿਊਯਾਰਕ ਅਤੇ ਹਰਿਦੁਆਰ ਵਿੱਚ ਹੋਵੇਗੀ। -ਆਈਏਐੱਨਐੱਸ