ਅਸ਼ੋਕ ਕੁਮਾਰ ਗਰਗ ਅਤੇ ਰਵਿੰਦਰ ਕੌਰ*
ਕਿਸੇ ਵੀ ਬੂਟੇ ਦੇ ਸਹੀ ਵਾਧੇ ਅਤੇ ਵਿਕਾਸ ਲਈ ਹਵਾ, ਪਾਣੀ, ਸੂਰਜ ਦੀ ਰੋਸ਼ਨੀ, ਲੋੜੀਂਦਾ ਤਾਪਮਾਨ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ੁਰਾਕੀ ਤੱਤਾਂ ਦੀ ਲੋੜ ਪੈਂਦੀ ਹੈ। ਜੇ ਖ਼ੁਰਾਕੀ ਤੱਤਾਂ ਦੀ ਗੱਲ ਕੀਤੀ ਜਾਵੇ ਤਾਂ ਵਿਗਿਆਨੀਆਂ ਮੁਤਾਬਿਕ 17 ਪ੍ਰਕਾਰ ਦੇ ਤੱਤਾਂ ਨੂੰ ਫ਼ਸਲਾਂ ਲਈ ਜ਼ਰੂਰੀ ਮੰਨਿਆ ਗਿਆ ਹੈ। ਇਨ੍ਹਾਂ ਵਿਚੋਂ ਜਿਹੜੇ ਖ਼ੁਰਾਕੀ ਤੱਤ ਜ਼ਿਆਦਾ ਮਾਤਰਾ ਵਿੱਚ ਲੋੜੀਂਦੇ ਹਨ, ਉਨ੍ਹਾਂ ਨੂੰ ਮੁੱਖ ਤੱਤਾਂ ਜਾਂ ਵੱਡੇ ਤੱਤਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਜਿਨ੍ਹਾਂ ਦੀ ਘੱਟ ਮਾਤਰਾ ਵਿੱਚ ਲੋੜ ਹੈ ਉਨ੍ਹਾਂ ਨੂੰ ਛੋਟੇ ਜਾਂ ਸੂਖਮ ਤੱਤਾਂ ਦੀ ਸ਼੍ਰੇਣੀ ਅਧੀਨ ਰੱਖਿਆ ਜਾਂਦਾ ਹੈ। ਮੁੱਖ ਤੱਤਾਂ ’ਚੋਂ ਕਾਰਬਨ, ਹਾਈਡ੍ਰੋਜ਼ਨ ਅਤੇ ਆਕਸੀਜਨ ਤੱਤ ਬੂਟੇ ਨੂੰ ਹਵਾ ਅਤੇ ਪਾਣੀ ਵਿਚੋਂ ਮਿਲ ਜਾਂਦੇ ਹਨ ਜਦੋਂਕਿ ਨਾਈਟ੍ਰੋਜਨ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਸ਼ੀਅਮ ਅਤੇ ਗੰਧਕ ਤੱਤ ਜੋ ਕਿ ਵੱਡੇ ਤੱਤਾਂ ਦੀ ਸ਼੍ਰੇਣੀ ਵਿੱੱਚ ਆਉਂਦੇ ਹਨ ਜ੍ਹਿਨਾਂ ਨੂੰ ਬੂਟੇ ਮਿੱਟੀ ਅਤੇ ਪਾਣੀ ਵਿੱਚੋਂ ਪ੍ਰਾਪਤ ਕਰਦੇ ਹਨ। ਫ਼ਲੀਦਾਰ ਬੂਟੇ ਹਵਾ ’ਚੋਂ ਵੀ ਨਾਈਟ੍ਰੋਜਨ ਤੱਤ ਲੈਣ ਲਈ ਸਮੱਰਥ ਹੁੰਦੇ ਹਨ ਅਤੇ ਇਨ੍ਹਾਂ ਦੀ ਅੰਤਰ-ਫ਼ਸਲ ਗ਼ੈਰ-ਫਲਦਾਇਕ ਮਹੀਨਿਆਂ ਦੌਰਾਨ ਬਾਗ਼ ਵਿੱਚ ਬੀਜਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ। ਛੋਟੇ ਤੱਤਾਂ ਦੀ ਸ਼੍ਰੇਣੀ ਵਿੱਚ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੋਲੀਬਡੀਨਮ, ਕਲੋਰੀਨ, ਬੋਰੋਨ ਅਤੇ ਕੋਬਾਲਟ ਆਉਂਦੇ ਹਨ ਜਿਨ੍ਹਾਂ ਦੀ ਪੂਰਤੀ ਜਾਂ ਤਾਂ ਜ਼ਮੀਨ ਰਾਹੀਂ ਜਾਂ ਫਿਰ ਰਸਾਇਣਕ ਖਾਦਾਂ ਪਾ ਕੇ ਕੀਤੀ ਜਾ ਸਕਦੀ ਹੈ।
ਆਮ ਤੌਰ ’ਤੇ ਦੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਕਿਸਾਨ ਵੱਡੇ ਤੱਤਾਂ ਵੱਲ ਹੀ ਜ਼ਿਆਦਾ ਤਵੱਜੋ ਦਿੰਦੇ ਹਨ ਜਦਕਿ ਛੋਟੇ ਤੱਤਾਂ ’ਚੋਂ ਕਿਸੇ ਦੀ ਵੀ ਘਾਟ ਆਉਣ ’ਤੇ ਵੀ ਬੂਟੇ ਦਾ ਸਹੀ ਵਿਕਾਸ ਜਾਂ ਵਾਧਾ ਨਹੀਂ ਹੁੰਦਾ। ਇਸ ਨਾਲ ਜਿੱਥੇ ਪੈਦਾਾਰ ਘਟਦੀ ਹੈ, ਉੱਥੇ ਫਲ ਦੀ ਗੁਣਵੱਤਾ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਦੀ ਘਾਟ ਆਉਣ ’ਤੇ ਬੂਟਿਆਂ ਵਿੱਚ ਖ਼ਾਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਾਂ ਚਿੰਨ੍ਹ ਦਿਖਾਈ ਦਿੰਦੇ ਹਨ ਜਿਹੜੇ ਕਿ ਹਰ ਖ਼ੁਰਾਕੀ ਤੱਤ ਵਾਸਤੇ ਵੱਖਰੇ-ਵੱਖਰੇ ਹੁੰਦੇ ਹਨ। ਇਨ੍ਹਾਂ ਨਿਸ਼ਾਨੀਆਂ ਨੂੰ ਦੇਖ ਕੇ ਘਾਟ ਵਾਲੇ ਖ਼ੁਰਾਕੀ ਤੱਤਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਪੰਜਾਬ ਦੀਆਂ ਬਹੁਤੀਆਂ ਜ਼ਮੀਨਾਂ ਰੇਤਲੀਆਂ ਮੈਰਾ ਹੋਣ ਕਰ ਕੇ ਜੈਵਿਕ ਮਾਦੇ ਦੀ ਮਾਤਰਾ ਘੱਟ ਹੈ ਜਿਸ ਕਰ ਕੇ ਜ਼ਿਆਦਾਤਰ ਖ਼ੁਰਾਕੀ ਤੱਤਾਂ ਦੀ ਘਾਟ ਰਹਿੰਦੀ ਹੈ। ਕਈ ਥਾਵਾਂ ’ਤੇ ਜ਼ਮੀਨ ਵਿਚਲੇ ਲੂਣਾਂ ਦੀ ਮਾਤਰਾ ਮਾਪਦੰਡਾਂ ਤੋਂ ਜ਼ਿਆਦਾ ਹੋਣ ਕਰ ਕੇ ਵੀ ਕਈ ਖ਼ੁਰਾਕੀ ਤੱਤਾਂ ਦੀ ਉਪਲਬਧਤਾ ’ਤੇ ਵੀ ਮਾੜਾ ਅਸਰ ਪੈਂਦਾ ਹੈ।
ਫ਼ਲਦਾਰ ਬੂਟਿਆਂ ’ਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ
ਅਮਰੂਦ: ਅਮਰੂਦ ਵਿਚ ਜ਼ਿੰਕ ਦੀ ਘਾਟ ਆਉਣ ’ਤੇ ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪੱਤੇ ਆਮ ਨਾਲੋਂ ਘੱਟ ਚੌੜੇ ਅਤੇ ਤਿੱਖੇ ਜਿਹੇ ਹੋ ਜਾਂਦੇ ਹਨ। ਪੱਤਿਆਂ ਦੀਆਂ ਨਾੜ੍ਹੀਆਂ ਵਿਚਕਾਰਲੀ ਥਾਂ ਪੀਲੀ ਹੋ ਜਾਂਦੀ ਹੈ। ਇਹ ਛੋਟੇ ਪੱਤੇ ਕਈ ਟਹਿਣੀਆਂ ’ਤੇ ਗੁੱਛਿਆਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ। ਇਹ ਦੋਵੇਂ ਨਿਸ਼ਾਨੀਆਂ ਬਹੁਤੇ ਪੌਦਿਆਂ ’ਤੇ ਇਕੋ ਹੀ ਟਹਿਣੀ ’ਤੇ ਨਜ਼ਰ ਆ ਜਾਂਦੀਆਂ ਹਨ। ਪੱਤਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਸ਼ਾਖਾਵਾਂ ਚੋਟੀ ਤੋਂ ਥੱਲੇ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ ਖਾਦ ਨੂੰ ਜ਼ਮੀਨ ਵਿੱਚ ਜਾਂ ਛਿੜਕਾਅ ਕਰ ਕੇ ਪਾਇਆ ਜਾ ਸਕਦਾ ਹੈ। ਛਿੜਕਾਅ ਲਈ 1 ਕਿਲੋ ਜ਼ਿੰਕ ਸਲਫੇਟ ਵਿੱਚ ਅੱਧਾ ਕਿਲੋ ਅਣਬੁਝਿਆ ਚੂਨਾ ਰਲਾ ਕੇ 100 ਲਿਟਰ ਪਾਣੀ `ਚ ਘੋਲ ਲਵੋ ਅਤੇ ਘਾਟ ਵਾਲੇ ਬੂਟਿਆਂ ’ਤੇ ਜੂਨ ਤੋਂ ਸੰਤਬਰ ਮਹੀਨੇ ਵਿੱਚ 15 ਦਿਨਾਂ ਦੇ ਵਕਫ਼ੇ ਨਾਲ ਦੋ-ਤਿੰਨ ਛਿੜਕਾਅ ਕਰ ਦਿਉ। ਜ਼ਮੀਨ ਵਿੱਚ ਜ਼ਿੰਕ ਸਲਫੇਟ (21%) ਖਾਦ ਨੂੰ 250 ਗ੍ਰਾਮ ਤੋਂ 1 ਕਿਲੋਗ੍ਰਾਮ ਪ੍ਰਤੀ ਬੂਟਾ, ਬੂਟੇ ਦੀ ਉਮਰ ਮੁਤਾਬਿਕ ਪਾਇਆ ਜਾ ਸਕਦਾ ਹੈ।
ਕਿਨੂੰ: ਜ਼ਿੰਕ ਦੀ ਘਾਟ ਦਰਮਿਆਨੀ ਦਰਜੇ ਦੀ ਹੋਵੇ ਤਾਂ ਕਿੰਨੂੰ ਪੱਤਿਆਂ ਦੀਆਂ ਨਾੜੀਆਂ ਵਿਚਕਾਰਲੀ ਥਾਂ ਅਮਰੂਦ ਦੇ ਪੱਤਿਆਂ ਵਾਂਗ ਹੀ ਪੀਲੀ ਹੋ ਜਾਂਦੀ ਹੈ। ਨਾੜੀਆਂ ਅਤੇ ਉਨ੍ਹਾਂ ਦੇ ਦੁਆਲੇ ਥੋੜ੍ਹਾ ਹਿੱਸਾ ਹੀ ਹਰਾ ਰਹਿੰਦਾ ਹੈ। ਨਵੇਂ ਪੂਰੇ ਵਧੇ ਹੋਏ ਪੱਤਿਆਂ ਉੱਤੇ ਰੰਗ-ਬਿਰੰਗੇ ਧੱਬੇ ਪੈ ਜਾਂਦੇ ਹਨ। ਸਿਰੇ ਦੇ ਪੱਤੇ ਛੋਟੇ ਅਤੇ ਨੇੜੇ ਨੇੜੇ ਰਹਿ ਜਾਂਦੇ ਹਨ। ਫ਼ਲ ਦੇਣ ਵਾਲੀਆਂ ਅੱਖਾਂ ਦੀ ਮਾਤਰਾ ਬਹੁਤ ਘਟ ਜਾਂਦੀ ਹੈ। ਇਸ ਤੱਤ ਦੀ ਘਾਟ ਨੂੰ ਪੂਰਾ ਕਰਨ ਲਈ ਘਾਟ ਵਾਲੇ ਬੂਟਿਆਂ ਤੇ 4.70 ਗ੍ਰਾਮ ਜ਼ਿੰਕ ਸਲਫੇਟ (21%) ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਹ ਛਿੜਕਾਅ ਬੂਟਿਆਂ ’ਤੇ ਭਰਪੂਰ ਪੱਤੇ ਨਿਕਲਣ ’ਤੇ ਹੀ ਕਰੋ। ਜ਼ਿੰਕ ਦੀ ਘਾਟ ਆਮ ਕਰ ਕੇ ਪਹਿਲੇ ਫਲ ਆਉਣ ਤੋਂ ਇੱਕ ਸਾਲ ਬਾਅਦ ਭਾਵ ਚੌਥੇ ਸਾਲ ਵਿੱਚ ਆਉਂਦੀ ਹੈ, ਇਸ ਕਰ ਕੇ ਬੂਟੇ ਨੂੰ ਤੀਜੇ ਸਾਲ ਪਿਛੋਂ ਹਰ ਸਾਲ ਇਹ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਨਾਸ਼ਪਾਤੀ: ਨਾਸ਼ਪਾਤੀ ਵਿੱਚ ਵੀ ਜ਼ਿੰਕ ਦੀ ਘਾਟ ਕਾਰਨ ਨਵੇਂ ਪੱਤਿਆਂ ਵਿੱਚ ਮੋਟੀਆਂ ਨਾੜ੍ਹਾਂ ਦੇ ਵਿਚਕਾਰਲਾ ਹਿੱਸਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਪੱਤੇ ਛੋਟੇ ਆਕਾਰ ਦੇ ਅਤੇ ਉੱਪਰ ਨੂੰ ਕੱਪ ਦੀ ਤਰ੍ਹਾਂ ਮੁੜਨਾ ਸ਼ੁਰੂ ਕਰ ਦਿੰਦੇ ਹਨ। ਘਾਟ ਦੀਆਂ ਨਿਸ਼ਾਨੀਆਂ ਫੁੱਲ ਪੈਣ ਸਮੇਂ ਦਿਖਾਈ ਦਿੰਦੀਆਂ ਹਨ। ਪੱਤਿਆਂ ਦੇ ਗੁੱਛੇ ਬਣਨ ਲੱਗ ਜਾਂਦੇ ਹਨ ਅਤੇ ਕੁਝ ਟਹਿਣੀਆਂ ਵੀ ਉਪਰਲੇ ਪਾਸੇ ਤੋਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੀ ਘਾਟ ਨੂੰ ਪੂਰਾ ਕਰਨ ਲਈ 3 ਕਿਲੋ ਜ਼ਿੰਕ ਸਲਫਟ (21%) + 1.5 ਕਿਲੋ ਅਣ-ਬੁਝਿਆ ਚੂਨਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
ਅਲੂਚਾ: ਗਰਮੀ ਅਤੇ ਵਰਖਾ ਰੁੱਤ ਦੌਰਾਨ ਹਲਕੀਆਂ ਜ਼ਮੀਨਾਂ ਵਿੱਚ ਲੱਗੇ ਅਲੂਚੇ ਦੇ ਬਾਗ਼ਾਂ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਪੱਤੇ ਛੋਟੇ ਆਕਾਰ ਦੇ ਅਤੇ ਨਾੜੀਆਂ ਵਿਚਕਾਰੋਂ ਪੀਲੇ ਹੋ ਜਾਂਦੇ ਹਨ। ਟਾਹਣੀ ਦੀ ਟੀਸੀ ਦੇ ਸਿਰਿਆਂ ਤੇ ਪੱਤੇ ਗੁੱਛਿਆਂ ਵਾਂਗੂ ਸੰਘਣੇ ਘੇਰੇ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ। ਜ਼ਿਆਦਾ ਲੰਬਾ ਸਮਾਂ ਘਾਟ ਰਹਿਣ ਤੇ ਟਹਿਣੀਆਂ ਦੀਆਂ ਟੀਸੀਆਂ ਉਪਰੋਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫ਼ਲਾਂ ਦਾ ਆਕਾਰ ਛੋਟਾ ਅਤੇ ਫ਼ਲ ਸਖ਼ਤ ਹੋ ਜਾਂਦੇ ਹਨ। ਇਸ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ’ਤੇ ਨਾਸ਼ਪਾਤੀ ਵਾਂਗ ਹੀ ਘੋਲ ਬਣਾ ਕੇ ਜ਼ਿੰਕ ਸਲਫੇਟ ਦਾ ਛਿੜਕਾਅ ਕਰੋ।
ਧਿਆਨ ਦੇਣ ਯੋਗ ਗੱਲ ਹੈ ਕਿ ਪੱਤਿਆਂ ਦਾ ਛੋਟਾ ਆਕਾਰ ਹੋਣਾ, ਕਈ ਬੀਮਾਰੀਆਂ ਜਾਂ ਕੀੜਿਆਂ ਦੇ ਹਮਲੇ ਕਾਰਨ ਵੀ ਸਕਦਾ ਵੀ ਹੋ ਸਕਦਾ ਹੈ, ਪਰ ਪੱਤਿਆਂ ਦਾ ਛੋਟਾ ਆਕਾਰ ਹੋਣ ਅਤੇ ਨਾਲ-ਨਾਲ ਨਾੜ੍ਹੀਆਂ ਵਿਚਕਾਰਲੀ ਜਗ੍ਹਾ ਪੀਲੀ ਪੈਣਾ ਜ਼ਿੰਕ ਦੀ ਘਾਟ ਦੀ ਪੱਕੀ ਪਛਾਣ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ)।