ਪੱਤਰ ਪ੍ਰੇਰਕ
ਟੋਹਾਣਾ, 2 ਅਕਤੂਬਰ
ਬਲਾਕ ਭੂਨਾ ਦੇ ਤਿੰਨ ਪਿੰਡਾਂ ਬੈਜਲਪੁਰ, ਖ਼ਾਸਾ ਪਠਾਨਾ ਤੇ ਢਾਣੀ ਗੋਪਾਲ ਵਿੱਚ ਵਿਕਾਸ ਵਾਸਤੇ ਵਿਧਾਇਕ ਦੁੜਾਰਾਮ ਨੇ ਇਕ ਕਰੋੜ ਪੰਜ ਲੱਖ ਰੁਪਏ ਦੀ ਲਾਗਤ ਨਾਲ ਪੂਰੀਆਂ ਹੋਣ ਵਾਲੀਆਂ ਸਕੀਮਾਂ ਦਾ ਨੀਂਹ ਪੱਥਰ ਰੱਖਿਆ ਤੇ ਤਿਆਰ ਸਕੀਮਾਂ ਦਾ ਉਦਘਾਟਨ ਕੀਤਾ। ਪਿੰਡ ਬੈਜਲਪੁਰ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਭੀਮ ਰਾਓ ਅੰਬੇਡਕਰ ਭਵਨ ਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਢਾਣੀ ਗੋਪਾਲ ਵਿੱਚ 10 ਲੱਖ ਦੀ ਲਾਗਤ ਨਾਲ ਤਿਆਰ ਗਲੀ ਦਾ ਉਦਘਾਟਨ ਕੀਤਾ। ਵਿਧਾਇਕ ਦੁੜਰਾਮ ਨੇ ਤਿੰਨਾਂ ਪਿੰਡਾਂ ਬੈਜਲਪੁਰ, ਖਾਸਾ ਪਠਾਨਾ ਤੇ ਢਾਣੀ ਗੋਪਾਲ ਵਾਸਤੇ ਦਿਹਾਤੀ ਗਿਆਨ ਕੇਂਦਰ ਬਨਾਉਣ ਵਾਸਤੇ 25-25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਢਾਣੀ ਗੋਪਾਲ ਦੇ ਖੇਲ ਮੈਦਾਨ ਵਾਸਤੇ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਬੈਜਲਪੁਰ ਦੀ ਹਰੀਜਨ ਚੌਪਾਲ ਲਈ 8 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਵਿਧਾਇਕ ਨੇ ਪਿੰਡਾਂ ਵਿੱਚ ਭਾਈਚਾਰਾ ਏਕਤਾ ਬਨਾਉਣ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾ ਦਿੱਤੀਆ ਜਾ ਰਹੀਆਂ ਹਨ। ਇਸ ਮੌਕੇ ਵਿਧਾਇਕ ਦੁੜਾਰਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਲਾਭਦਾਇਕ ਦੱਸਿਆ ਤੇ ਕਿਸਾਨਾਂ ਨੂੰ ਲਾਹਾ ਲੈਣ ਲਈ ਪ੍ਰੇਰਿਆ।