ਹਰਜੀਤ ਸਿੰਘ
ਜ਼ੀਰਕਪੁਰ, 13 ਅਗਸਤ
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਫੈਲੇ ਹੈਜ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਖੇਤਰ ਦੀਆਂ ਪ੍ਰਭਾਵਿਤ ਕਲੋਨੀਆਂ ਵਿੱਚ ਅੱਜ ਵੀ ਦਰਜਨਾਂ ਮਰੀਜ਼ ਸਾਹਮਣੇ ਆਏ ਹਨ। ਉਂਜ, ਸਿਹਤ ਵਿਭਾਗ ਵੱਲੋਂ ਅੱਜ 16 ਹੋਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ ਪਰ ਅਸਲੀਅਤ ਵਿੱਚ ਮਰੀਜ਼ਾਂ ਦੀ ਗਿਣਤੀ ਅਧਿਕਾਰਕਤ ਅੰਕੜੇ ਨਾਲੋਂ ਕਿਤੇ ਵੱਧ ਦੱਸੀ ਜਾ ਰਹੀ ਹੈ। ਮੌਕੇ ’ਤੇ ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੇ ਅੰਕੜੇ ਛੁਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੀੜਤ ਪਰਿਵਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਖੇਤਰ ਦੀ ਰਵਿੰਦਰਾ ਐਨਕਲੇਵ, ਏਕਤਾ ਵਿਹਾਰ ਅਤੇ ਸਦਾਸ਼ਿਵ ਐਨਕਲੇਵ ਵਿੱਚ ਹੈਜ਼ਾ ਫੈਲੇ ਨੂੰ ਐਨੇ ਦਿਨ ਹੋ ਗਏ ਹਨ ਪਰ ਅਜੇ ਤੱਕ ਅਧਿਕਾਰੀ ਸਮੱਸਿਆ ਦਾ ਹੱਲ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਲਾਕੇ ਦਾ ਦੌਰਾ ਕੀਤਾ ਪਰ ਮ੍ਰਿਤਕਾਂ ਦੇ ਵਾਰਿਸਾਂ ਲਈ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਸਬੰਧਤ ਕਲੋਨੀਆਂ ਦੇ ਵਸਨੀਕਾਂ ਨੇ ਕਿਹਾ ਕਿ ਅੱਜ ਵੀ ਕਾਫੀ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਅੱਜ ਬਲਟਾਣਾ ’ਚੋਂ ਹੈਜ਼ੇ ਦੇ 16 ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਦੀ ਸਪਲਾਈ ਦੀ ਸਮੱਸਿਆ ਦਰੁਸਤ ਕਰ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਪ੍ਰਭਾਵਿਤ ਖੇਤਰ ’ਚ ਡਟੀਆਂ ਹੋਈਆਂ ਹਨ ਅਤੇ ਮਰੀਜ਼ਾਂ ਦੀਆਂ ਦਵਾਈਆਂ ਤੇ ਹੋਰ ਲੋੜਾਂ ਪੂਰੀ ਕਰ ਰਹੀਆਂ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਵੱਲੋਂ ਪਾਣੀ ਦੇ ਟੈਂਕਰ ਏਕਤਾ ਵਿਹਾਰ ਦੇ ਟਿਊਬਵੈੱਲ ਤੋਂ ਭਰੇ ਜਾ ਰਹੇ ਹਨ ਜਦਕਿ ਇੱਥੇ ਬਿਮਾਰੀ ਫੈਲੀ ਹੋਈ ਹੈ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਿਊਬਵੈੱਲ ਦੇ ਪਾਣੀ ਵਿੱਚ ਕੋਈ ਖ਼ਰਾਬੀ ਨਹੀਂ ਹੈ ਸਗੋਂ ਵਿਚਾਲੇ ਲਾਈਨਾਂ ਲੀਕ ਹੋਣ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ।
ਐੱਨ.ਕੇ. ਸ਼ਰਮਾ ਵੱਲੋਂ ਡੇਰਾਬੱਸੀ ਦੀ ਸ਼ਿਵਪੁਰੀ ਕਲੋਨੀ ਦਾ ਦੌਰਾ
ਡੇਰਾਬੱਸੀ: ਹਲਕਾ ਡੇਰਾਬੱਸੀ ਦੇ ਵਿਧਾਇਕ ਐੱਨ.ਕੇ. ਸ਼ਰਮਾ ਵੱਲੋਂ ਸ਼ਹਿਰ ਦੀ ਹੈਜ਼ਾ ਪ੍ਰਭਾਵਿਤ ਸ਼ਿਵਪੁਰੀ ਕਲੋਨੀ ਦਾ ਦੌਰਾ ਕਰ ਕੇ ਪੀੜਤ ਲੋਕਾਂ ਦਾ ਹਾਲ ਜਾਣਿਆ ਗਿਆ। ਇਸ ਦੌਰਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜ਼ਿਲ੍ਹੇ ਵਿੱਚ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚ ਹੁਣ ਤੱਕ ਦੋ ਮਰੀਜ਼ਾਂ ਦੀ ਮੌਤ ਹੋ ਚੁੱਕੀਆਂ ਹਨ ਅਤੇ ਸੈਂਕੜੇ ਲੋਕ ਬਿਮਾਰ ਪੈ ਚੁੱਕੇ ਹਨ ਜਦਕਿ ਡੇਰਾਬੱਸੀ ਦੇ ਇਸ ਖੇਤਰ ਵਿੱਚ ਇਕ ਗੱਲੀ ਵਿੱਚੋਂ ਦਰਜਨਾਂ ਮਰੀਜ਼ ਸਾਹਮਣੇ ਆ ਚੁੱਕੇ ਹਨ ਪਰ ਅਜੇ ਤੱਕ ਕੌਂਸਲ ਵੱਲੋਂ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ।