ਨਿੱਜੀਕਰਨ ਲੋਕ ਹਿਤ ਵਿਚ ਨਹੀਂ
12 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਰਾਜੀਵ ਖੋਸਲਾ ਦਾ ਲੇਖ ‘ਮੁਲਕ ਵਿਚ ਵਧਦੇ ਨਿੱਜੀਕਰਨ ਉੱਤੇ ਝਾਤ’ ਆਰਥਿਕ ਸੰਕਟ ਦੌਰਾਨ ਧਨ ਪ੍ਰਾਪਤ ਕਰਨ ਵਾਸਤੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣ ਵਾਸਤੇ ਵਰਤਮਾਨ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਵੇਚਣ ਦੀ ਪੋਲ ਖੋਲ੍ਹਣ ਵਾਲਾ ਸੀ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਰੋਨਾ ਕਾਲ ਸਮੇਂ ਸਾਡੀ ਅਰਥਵਿਵਸਥਾ ਨੂੰ ਸਰਕਾਰੀ ਅਦਾਰਿਆਂ ਨੇ ਹੀ ਸਹਾਰਾ ਦਿੱਤਾ ਹੈ। ਸਰਕਾਰੀ ਬੈਂਕਾਂ ਅਤੇ ਹੋਰ ਸੰਸਥਾਵਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣਾ, ਕੀਮਤਾਂ ’ਤੇ ਕੰਟਰੋਲ, ਸਮਾਜਿਕ ਕਲਿਆਣ, ਸਮਾਨਤਾ ਅਤੇ ਧਨ-ਸੰਪਤੀ ਦੇ ਕੇਂਦਰੀਕਰਨ ਨੂੰ ਦੂਰ ਨਹੀਂ ਕਰ ਸਕਦਾ। ਅਪਨਿਵੇਸ਼ ਕਾਰਨ ਆਰਥਿਕਤਾ ਦਾ ਸੰਤੁਲਿਤ ਵਿਕਾਸ ਨਹੀਂ ਹੋਵੇਗਾ। ਇਸ ਨਾਲ ਬੇਕਾਰੀ ਵਧ ਜਾਏਗੀ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
(2)
ਰਾਜੀਵ ਖੋਸਲਾ ਦਾ ਲੇਖ ‘ਮੁਲਕ ਵਿਚ ਵਧਦੇ ਨਿੱਜੀਕਰਨ ਉੱਤੇ ਝਾਤ’ ਇਹ ਗੱਲ ਉਜਾਗਰ ਕਰਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਦੇ ਸਿਆਸਤਦਾਨ ਅਤੇ ਸਨਅਤਕਾਰ ਮੁਲਕ ਦੀ ਆਮ ਜਨਤਾ ਦੀ ਭਲਾਈ ਵੱਲ ਝੁਕਦੀਆਂ ਨੀਤੀਆਂ ਬਣਾਉਣ ਦੇ ਚਾਹਵਾਨ ਸਨ। ਸਮਾਂ ਬੀਤਣ ਨਾਲ ਦੋਹਾਂ ਦਾ ਝੁਕਾਅ ਨਿੱਜ ਅਤੇ ਨਿੱਜੀਕਰਨ ਵੱਲ ਹੁੰਦਾ ਗਿਆ। ਭਾਰਤੀ ਜਨਤਾ ਪਾਰਟੀ ਦੇ ਸਮੇਂ ਦੀਆਂ ਸਰਕਾਰਾਂ ਵੇਲੇ ਬੈਂਕਾਂ ਦੇ ਡੁੱਬ ਰਹੇ ਕਰਜ਼ਿਆਂ ਦਾ ਵਧ ਜਾਣਾ, ਬੈਡ (ਮਾੜਾ) ਬੈਂਕ ਦੀ ਤਿਆਰੀ ਅਤੇ ਜਨਤਕ ਇਕਾਈਆਂ ਦਾ ਨਿੱਜੀਕਰਨ ਵਧਣਾ ਤਾਂ ਇਹੋ ਦੱਸਦਾ ਹੈ ਕਿ ਭਾਜਪਾ ਦੇ ਸਿਆਸਤਦਾਨ ਅਤੇ ਮੌਜੂਦਾ ਸਨਅਤਕਾਰ ਜਨਤਾ ਪੱਖੀ ਨੀਤੀਆਂ ਦੀ ਹਾਮੀ ਨਹੀਂ ਭਰਦੇ, ਨਿੱਜਤਾ ਪੂਜ ਹਨ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)
ਪੰਜਾਬੀ ਯੂਨੀਵਰਸਿਟੀ ਦਾ ਸੰਕਟ
12 ਮਾਰਚ ਨੂੰ ਪੰਨਾ 7 ਉੱਤੇ ਡਾ. ਨਿਵੇਦਿਤਾ ਸਿੰਘ ਨੇ ਆਪਣੇ ਲੇਖ ‘ਪੰਜਾਬੀ ਯੂਨੀਵਰਸਿਟੀ ਦਾ ਬਹੁਪਰਤੀ ਸੰਕਟ’ ਵਿਚ ਇਸ ਯੂਨੀਵਰਸਿਟੀ ਦੇ ਮੌਜੂਦਾ ਸੰਕਟ ਅਤੇ ਇਸ ਦੀਆਂ ਪ੍ਰਾਪਤੀਆਂ ਦਾ ਵਧੀਆ ਵਿਸ਼ਲੇਸ਼ਣ ਕੀਤਾ ਹੈ। ਭਾਸ਼ਾ ਦੇ ਨਾਂ ’ਤੇ ਬਣੀ ਇਹ ਭਾਰਤ ਦੀ ਪਹਿਲੀ ਅਤੇ ਸੰਸਾਰ ਦੀ ਦੂਜੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦੇ ਪ੍ਰਬੰਧਕੀ ਅਤੇ ਅਧਿਆਪਨ ਕਾਰਜ ਵਿਚ ਸੰਸਾਰ ਪ੍ਰਸਿੱਧ ਵਿਦਵਾਨ ਅਤੇ ਅਧਿਆਪਕ ਸ਼ਾਮਲ ਰਹੇ ਹਨ। ਇਸ ਯੂਨੀਵਰਸਿਟੀ ਦੀ ਸਥਾਪਨਾ ਉਸ ਵੇਲੇ ਹੋਈ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਸਿੱਖਿਆ, ਸਿਹਤ ਅਤੇ ਖੇਤੀਬਾੜੀ ਦੇ ਵਿਕਾਸ ਵਿਚ ਵਿਸ਼ੇਸ਼ ਦਿਲਚਸਪੀ ਨਾਲ ਕੰਮ ਕਰ ਰਹੀਆਂ ਸਨ। ਸਥਾਪਤੀ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦਾ ਨਾਂ ਦੇਸ਼ ਦੀਆਂ ਉੱਚੇ ਰੈਂਕ ਵਾਲੀਆਂ ਯੂਨੀਵਰਸਿਟੀਆਂ ਵਿਚ ਸ਼ਾਮਿਲ ਰਿਹਾ ਹੈ ਪਰ ਹੁਣ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੀ ਗ੍ਰਾਂਟ 90 ਪ੍ਰਤੀਸ਼ਤ ਤੋਂ ਘੱਟ ਕਰਦਿਆਂ ਹੁਣ ਸਿਰਫ਼ 16 ਪ੍ਰਤੀਸ਼ਤ ਕਰ ਦਿੱਤੀ ਹੈ ਜਿਸ ਕਾਰਨ ਯੂਨੀਵਰਸਿਟੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਥਾਂ ਵਰਤਮਾਨ ਯੂਨੀਵਰਸਿਟੀਆਂ ਨੂੰ ਪੂਰੇ ਫੰਡ ਦੇ ਕੇ ਉਨ੍ਹਾਂ ਦੀ ਹੋਂਦ ਨੂੰ ਬਚਾਉਣ ਲਈ ਕਾਰਜ ਕਰੇ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)
(2)
ਡਾ. ਨਿਵੇਦਿਤਾ ਸਿੰਘ ਦਾ ਲੇਖ ‘ਪੰਜਾਬੀ ਯੂਨੀਵਰਸਿਟੀ ਦਾ ਬਹੁਪਰਤੀ ਸੰਕਟ’ ਇਸ ਸਮੱਸਿਆ ਦੀਆਂ ਕਈ ਪਰਤਾਂ ਫ਼ਰੋਲਦਾ ਹੈ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਭਾਸ਼ਾ ਦੇ ਆਧਾਰ ’ਤੇ ਬਣੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਲੰਮੇ ਸਮੇਂ ਤੋਂ ਤਨਖ਼ਾਹਾਂ ਨਾ ਮਿਲਣੀਆਂ ਅਤੇ ਵੱਡੇ ਆਰਥਿਕ ਸੰਕਟ ਨਾਲ ਜੂਝਣਾ ਚਿੰਤਾ ਵਾਲੀ ਗੱਲ ਹੈ। ਸਰਕਾਰ ਨੂੰ ਯੂਨੀਵਰਸਿਟੀ ਦੀ ਬਣਦੀ ਵਿੱਤੀ ਮੱਦਦ ਤੁਰੰਤ ਕਰਨੀ ਚਾਹੀਦੀ ਹੈ। ਵਿੱਤ ਮੰਤਰੀ ਵੱਲੋਂ ਜਿਹੜਾ ਇਸ ਸਾਲ ਦੇ ਬਜਟ ਦੇ ਗੁਣ ਗਾਏ ਜਾ ਰਹੇ ਹਨ, ਉਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਜੇ ਦੀਵੇ ਥੱਲੇ ਹੀ ਹਨੇਰਾ ਹੋਵੇਗਾ।
ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ
ਨਸ਼ਿਆਂ ਦੀ ਦਲਦਲ
12 ਮਾਰਚ ਦੇ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਮਿਡਲ ‘ਛਾਪਾ ਤੇ ਬਾਪੂ’ ਪੜ੍ਹ ਕੇ ਦਿਲ ਮਸੋਸਿਆ ਗਿਆ ਕਿ ਸਾਡਾ ਹਰ ਵਰਗ ਨਸ਼ੇ ਦੀ ਦਲਦਲ ਵਿਚ ਫਸਿਆ ਹੋਇਆ ਹੈ। ਕਿਸੇ ਘਰ ਮਾਪੇ ਸੰਤਾਪ ਹੰਢਾਅ ਰਹੇ ਹਨ ਤੇ ਕਿਸੇ ਘਰ ਬੱਚੇ। ਸਰਕਾਰ ਨੂੰ ਇਸ ਬਾਰੇ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਤੋਂ ਮੁਕਤ ਪੰਜਾਬ ਸੁਰਜੀਤ ਹੋ ਸਕੇ।
ਅਕਸਾ ਇਰਫ਼ਾਨ ਮਲਿਕ, ਮਾਲੇਰਕੋਟਲਾ
(2)
ਸੁਖਦੇਵ ਸਿੰਘ ਮਾਨ ਦਾ ਲੇਖ ‘ਛਾਪਾ ਅਤੇ ਬਾਪੂ’ ਦੱਸਦਾ ਹੈ ਕਿ ਗ਼ਰੀਬੀ ਦੀ ਮਾਰ ਹੇਠ ਆਏ ਇਨਸਾਨ ਨੂੰ ਕਿਵੇਂ ਨਸ਼ਿਆਂ ਦੀ ਲਤ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਜੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਪੁਰਾਣੇ ਤੋਂ ਪੁਰਾਣਾ ਨਸ਼ਾ ਵੀ ਛੱਡਿਆ ਜਾ ਸਕਦਾ ਹੈ ਤੇ ਨਸ਼ਿਆਂ ਦੇ ਵਪਾਰੀ ਵੀ ਨਸ਼ਾ ਵੇਚਣ ਦਾ ਸਮਾਜ ਵਿਰੋਧੀ ਧੰਦਾ ਛੱਡ ਕੇ ਦੁਬਾਰਾ ਸਮਾਜ ਦੀ ਮੁੱਖ ਧਾਰਾ ਵਿਚ ਜੁੜ ਸਕਦੇ ਹਨ। ਦਰਸ਼ਨ ਸਿੰਘ ਦਾ ਲੇਖ ‘ਘਣਛਾਵੇਂ ਬੂਟੇ’ (2 ਮਾਰਚ) ਪਰਿਵਾਰਿਕ ਮੋਹ ਪਿਆਰ ਦੀਆਂ ਤੰਦਾਂ ਦਾ ਵਰਨਣ ਇਸ ਤਰ੍ਹਾਂ ਕਰਦਾ ਹੈ ਕਿ ਪਾਠਕ ਇੰਜ ਮਹਿਸੂਸ ਕਰਨ ਲੱਗ ਪੈਂਦਾ ਜਿਵੇਂ ਕਿਤੇ ਉਹ ਆਪ ਇਸ ਕਹਾਣੀ ਦਾ ਪਾਤਰ ਹੋਵੇ। ਬਦੋ-ਬਦੀ ਗਲੇਡੂ ਭਰ ਆਉਂਦੇ ਹਨ। ਇਸ ਤੋਂ ਪਹਿਲਾਂ 27 ਫਰਵਰੀ ਦਾ ਸੰਪਾਦਕੀ ‘ਸ਼ਖ਼ਸੀ ਪੂਜਾ ਦਾ ਰੁਝਾਨ’ ਅੱਜ ਦੇ ਹੁਕਮਰਾਨਾਂ ਦੀ ਸੋਚ ਨੂੰ ਦਰਸਾਉਂਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਚੋਣ ਅਮਲ ਦੀ ਤਸਵੀਰ
3 ਮਾਰਚ ਨੂੰ ਗੁਰਦੀਪ ਸਿੰਘ ਢੁੱਡੀ ਨੇ ਆਪਣੇ ਮਿਡਲ ‘ਜਦੋਂ ਮੇਰੀਆਂ ਤਾਕਤਾਂ ਦੀ ਫੂਕ ਨਿਕਲੀ’ ਰਾਹੀਂ ਅਜੋਕੀ ਚੋਣ ਪ੍ਰਕਿਰਿਆ ਦੀ ਤਸਵੀਰ ਪੇਸ਼ ਕੀਤੀ ਹੈ। ਨੌਕਰੀ, ਢਿੱਡ ਅਤੇ ਸੁਰੱਖਿਆ ਅੱਗੇ ਇਮਾਨਦਾਰੀ ਵੀ ਮਜਬੂਰ ਹੋ ਜਾਂਦੀ ਹੈ ਜੋ ਦੇਸ਼ ਤੇ ਇਨਸਾਫ਼ਪਸੰਦ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।
ਡਾ. ਪ੍ਰਭਜੋਤ ਕੌਰ ਗਿੱਲ, ਘੋਲੀਆ (ਮੋਗਾ)
ਵਿਗਿਆਨਕ ਸੋਚ ਦੀ ਘਾਟ
ਮਹਾਸ਼ਿਵਰਾਤਰੀ ਮੌਕੇ ਕਈ ਲੱਖ ਟਨ ਦੁੱਧ ਸ਼ਿਵਲਿੰਗਾਂ ’ਤੇ ਡੋਲਿਆ ਗਿਆ। ਮੁਲਕ ਵਿਚ ਕਰੋੜਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਹੀ ਦੁੱਧ ਕਈ ਦਿਨਾਂ ਵਾਸਤੇ ਗ਼ਰੀਬ ਬੱਚਿਆਂ ਨੂੰ ਦਿੱਤਾ ਜਾ ਸਕਦਾ ਸੀ ਜੋ ਉਸ ਦੇਵਤੇ ਦੀ ਸਹੀ ਰੂਪ ਵਿਚ ਪੂਜਾ ਹੁੰਦੀ। ਅੰਧਵਿਸ਼ਵਾਸ ਕਾਰਨ ਅਜਿਹੀਆਂ ਰਸਮਾਂ ਉੱਤੇ ਧਨ ਦੀ ਬਹੁਤ ਬਰਬਾਦੀ ਕੀਤੀ ਜਾਂਦੀ ਹੈ। ਇਹ ਸਭ ਰੀਸੋ-ਰੀਸੀ ਵਧ ਰਿਹਾ ਹੈ। ਮੂਰਤੀ ਵਿਸਰਜਨ ਦੌਰਾਨ ਵੀ ਇਹੋ ਕੁਝ ਕੀਤਾ ਜਾਂਦਾ ਹੈ। ਕਈ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਇਹ ਸਭ ਸਾਡੀ ਸਿੱਖਿਆ ਵਿਚ ਵਿਗਿਆਨਕ ਸੋਚ ਦੀ ਘਾਟ ਕਰ ਕੇ ਹੈ।
ਵਿਦਵਾਨ ਸਿੰਘ ਸੋਨੀ, ਪਟਿਆਲਾ