ਪੱਤਰ ਪ੍ਰੇਰਕ
ਰਤੀਆ, 25 ਅਗਸਤ
ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਵਾਲਾ ਸ਼ਹਿਰ ਦੇ ਸੰਜੇ ਗਾਂਧੀ ਚੌਕ ਵਿਚ ਬਣਿਆ ਫੁਹਾਰਾ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਫੁਹਾਰੇ ਨੂੰ ਚਾਲੂ ਕਰਵਾਇਆ ਜਾਵੇ। ਨਰੇਸ਼ ਕੁਮਾਰ, ਵਿਕਾਸ, ਸ਼ਾਮਬੀਰ, ਕੁਸ਼ਾਲ ਚੰਦ, ਦੀਪਕ ਆਦਿ ਨੇ ਦੱਸਿਆ ਕਿ ਸਾਲਾਂ ਪਹਿਲਾਂ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਸੰਜੇ ਗਾਂਧੀ ਚੌਂਕ ਵਿੱਚ ਫੁਹਾਰਾ ਬਣਾਇਆ ਗਿਆ ਸੀ। ਕੁਝ ਸਮੇਂ ਤੱਕ ਫੁਹਾਰਾ ਚੱਲਣ ਤੋਂ ਬਾਅਦ ਹੁਣ ਲੰਬੇ ਸਮੇਂ ਤੋਂ ਉਕਤ ਫੁਹਾਰਾ ਬੰਦ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਨਾਲ ਬਣਿਆ ਫੁਹਾਰਾ ਹੁਣ ਸ਼ੋਅਪੀਸ ਬਣ ਕੇ ਰਹਿ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਫੁਹਾਰੇ ਨੂੰ ਰੰਗ ਰੋਗਨ ਕਰਵਾ ਕੇ ਉਸ ਨੂੰ ਚਾਲੂ ਕਰਵਾਇਆ ਜਾਵੇ ਤਾਂ ਕਿ ਸ਼ਹਿਰ ਦੀ ਸੁੰਦਰਤਾ ਨੂੰ ਵਧਾਇਆ ਜਾ ਸਕੇ।