ਨਵੀਂ ਦਿੱਲੀ, 12 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਤਿਹਾਸਕ ਡਾਂਡੀ ਮਾਰਚ ਦੀ 91ਵੀਂ ਵਰ੍ਹੇਗੰਢ ਮੌਕੇ ਦੋਸ਼ ਲਾਇਆ ਕਿ ਭਾਰਤ ‘ਆਰਐੱਸਐੱਸ ਦੀ ਅਗਵਾਈ ਹੇਠਲੀ ਤਾਨਾਸ਼ਾਹੀ ਤਾਕਤਾਂ ਦੀ ਗ੍ਰਿਫ਼ਤ ’ਚ ਆਉਂਦਾ ਜਾ ਰਿਹਾ ਹੈ।’ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਆਜ਼ਾਦੀ ਲਈ ਆਪਣਾ ਸੰਘਰਸ਼ ਜਾਰੀ ਰੱਖਣ। ਰਾਹੁਲ ਗਾਂਧੀ ਨੇ ਫੇਸਬੁੱਕ ਪੋਸਟ ’ਚ ਕਿਹਾ,‘‘ਗਾਂਧੀ ਜੀ ਦੇ ਡਾਂਡੀ ਮਾਰਚ ਨੇ ਪੂਰੀ ਦੁਨੀਆ ਨੂੰ ਆਜ਼ਾਦੀ ਦਾ ਸਪੱਸ਼ਟ ਸੁਨੇਹਾ ਦਿੱਤਾ ਸੀ।’’ ਉਨ੍ਹਾਂ ਕਿਹਾ ਕਿ ਅੱਜ ਭਾਰਤ ਆਰਐੱਸਐੱਸ ਦੀ ਅਗਵਾਈ ਹੇਠਲੀ ਤਾਨਾਸ਼ਾਹੀ ਤਾਕਤਾਂ ਦੇ ਕਬਜ਼ੇ ’ਚ ਤੇਜ਼ੀ ਨਾਲ ਜਾ ਰਿਹਾ ਹੈ। ‘ਅਜਿਹੇ ’ਚ ਸਮੂਹਿਕ ਆਜ਼ਾਦੀ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਣਾ ਚਾਹੀਦਾ ਹੈ। ਆਓ ਗਾਂਧੀ ਦੀ ਮਿਸਾਲ ਤੋਂ ਮਾਰਗ ਦਰਸ਼ਨ ਲੈ ਕੇ ਆਜ਼ਾਦੀ ਵੱਲ ਆਪਣਾ ਮਾਰਚ ਜਾਰੀ ਰੱਖੀਏ।’ ਹਿੰਦੀ ’ਚ ਕੀਤੇ ਗਏ ਟਵੀਟ ’ਚ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕਿਸਾਨ ਡਾਂਡੀ ਮਾਰਚ ਦੀ ਰਵਾਇਤ ਨੂੰ ਅਗਾਂਹ ਲੈ ਕੇ ਜਾ ਰਹੇ ਹਨ ਪਰ ਕਿਸਾਨ ਵਿਰੋਧੀ ਮੋਦੀ ਸਰਕਾਰ ਬ੍ਰਿਟਿਸ਼ ਹਕੂਮਤ ਵਾਂਗ ‘ਸੱਤਿਆਗ੍ਰਹਿ’ ਨੂੰ ਕੁਚਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੱਤਿਆਗ੍ਰਹਿ ਦੀ ਜਿੱਤ ਹੋਵੇਗੀ ਨਾ ਕਿ ਹੰਕਾਰ ਦੀ। ਇਕ ਹੋਰ ਟਵੀਟ ’ਚ ਰਾਹੁਲ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਵਿਦਿਆਰਥੀ ਨੌਕਰੀਆਂ ਚਾਹੁੰਦੇ ਹਨ ਪਰ ਸਰਕਾਰ ਉਨ੍ਹਾਂ ਨੂੰ ਪੁਲੀਸ ਤੋਂ ਕੁਟਵਾ ਰਹੀ ਹੈ ਅਤੇ ਉਨ੍ਹਾਂ ’ਤੇ ਦੇਸ਼ ਵਿਰੋਧੀ ਤੇ ਬੇਰੁਜ਼ਗਾਰੀ ਦੇ ਠੱਪੇ ਲਗਾ ਰਹੀ ਹੈ। -ਪੀਟੀਆਈ