ਲਖਨਊ: ਮਿਤਾਲੀ ਰਾਜ ਕੌਮਾਂਤਰੀ ਕ੍ਰਿਕਟ ਵਿਚ 10,000 ਦੌੜਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਅਤੇ ਦੁਨੀਆ ਦੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ ਹੈ। ਮਿਤਾਲੀ ਨੇ ਦੱਖਣੀ ਅਫਰੀਕਾ ਖ਼ਿਲਾਫ਼ ਇੱਥੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿਚ 35ਵੀਂ ਦੌੜ ਪੂਰੀ ਕਰਦਿਆਂ ਇਹ ਉਪਲੱਭਧੀ ਹਾਸਲ ਕੀਤੀ। ਉਸ ਦੇ ਨਾਂ ’ਤੇ ਹੁਣ ਕੌਮਾਂਤਰੀ ਕ੍ਰਿਕਟ ਵਿਚ 10,001 ਦੌੜਾਂ ਦਰਜ ਹਨ, ਉਸ ਦੀ ਔਸਤ 46.73 ਹੈ। ਭਾਰਤੀ ਕ੍ਰਿਕਟ ਬੋਰਡ ਨੇ ਵੀ ਉਸ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਹੈ। ਆਪਣਾ 311ਵਾਂ ਮੈਚ ਖੇਡ ਰਹੀ ਮਿਤਾਲੀ ਨੇ 1999 ਵਿਚ ਇੱਕ ਰੋਜ਼ਾ ਨਾਲ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਕੀਤੀ ਸੀ। ਉਸ ਨੇ ਹੁਣ ਤਕ 10 ਟੈਸਟ ਮੈਚਾਂ ਵਿਚ 51.00 ਦੀ ਔਸਤ ਨਾਲ 663 ਦੌੜਾਂ, ਇੱਕ ਰੋਜ਼ਾ 212 ਮੈਚਾਂ ’ਚ 50.53 ਦੀ ਔਸਤ ਨਾਲ 6974 ਦੌੜਾਂ, ਟੀ-20 ਕੌਮਾਂਤਰੀ ’ਚ 89 ਮੈਚਾਂ ’ਚ 37.52 ਦੀ ਔਸਤ ਨਾਲ 2364 ਦੌੜਾਂ ਬਣਾਈਆਂ ਹਨ। -ਪੀਟੀਆਈ