ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਅਗਸਤ
ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ ’ਚ ਮਿਡ-ਡੇਅ ਮੀਲ ਬਣਾਉਂਦਿਆਂ ਕੁੱਕਰ ਫਟ ਗਿਆ। ਇਸ ਹਾਦਸੇ ਵਿੱਚ ਹੈੱਡ ਕੁੱਕ ਝੁਲਸ ਗਿਆ ਜਦੋਂਕਿ ਹੋਰ ਸਟਾਫ ਮੈਂਬਰ ਜ਼ਖ਼ਮੀ ਹੋ ਗਏ। ਹੈੱਡ ਕੁੱਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਸਕੂਲ ਵਿੱਚ ਸਵੇਰ ਵੇਲੇ ਖਾਣਾ ਤਿਆਰ ਕੀਤਾ ਜਾ ਰਿਹਾ ਸੀ। ਹੈੱਡ ਕੁੱਕ ਨੇ ਸ਼ੱਕ ਹੋਣ ’ਤੇ ਕੁੱਕਰ ਨੂੰ ਰਸੋਈ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਕੁੱਕਰ ਉਥੇ ਹੀ ਫਟ ਗਿਆ ਜਿਸ ਕਾਰਨ ਰੂਪ ਰਾਮ ਗੰਭੀਰ ਜ਼ਖ਼ਮੀ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਕ ਹੋਰ ਕਰਮੀ ਦਾ ਪੈਰ ਝੁਲਸ ਗਿਆ ਜਿਸ ਨੂੰ ਫਸਟ ਏਡ ਦਿੱਤੀ ਗਈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖ਼ਮੀ ਹੋਇਆ ਰੂਪ ਰਾਮ ਠੀਕ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜਿਸ ਲਈ ਕਮੇਟੀ ਬਣਾ ਦਿੱਤੀ ਗਈ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਰੂਪ ਰਾਮ ਨੂੰ ਪਹਿਲਾਂ ਸਰਕਾਰੀ ਹਸਪਤਾਲ ਸੈਕਟਰ-16 ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਰੈਫਰ ਕੀਤਾ ਗਿਆ ਹੈ।
ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ; 29 ਨੂੰ ਸੌਂਪੇਗੀ ਰਿਪੋਰਟ
ਸਿੱਖਿਆ ਵਿਭਾਗ ਨੇ ਜਾਂਚ ਲਈ ਡਿਪਟੀ ਡੀਈਓ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ 29 ਅਗਸਤ ਨੂੰ ਆਪਣੀ ਰਿਪੋਰਟ ਸੌਂਪੇਗੀ। ਡਾਇਰੈਕਟਰ ਪੀਜੀਆਈ ਪੁੱਜੇ ਤੇ ਰੂਪ ਰਾਮ ਦਾ ਹਾਲ ਚਾਲ ਪੁੱਛਿਆ।