ਹਰਜੀਤ ਸਿੰਘ
ਜ਼ੀਰਕਪੁਰ, 25 ਅਗਸਤ
ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਛੱਤਬੀੜ ਚਿੜੀਆਘਰ ਦਾ ਦੌਰਾ ਕੀਤਾ। ਉਨ੍ਹਾਂ ਨੇ ਛੱਤਬੀੜ ਚਿੜੀਆਘਰ ਵਿੱਚ ਦਰਸ਼ਕਾਂ ਲਈ ਨਵੀਆਂ ਸਹੂਲਤਾਂ ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਰੋਹ ’ਚ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਹਾਜ਼ਰ ਰਹੇ। ਕੈਬਨਿਟ ਮੰਤਰੀ ਨੇ ਕਿਹਾ ਕਿ ਛੱਤਬੀੜ ਚਿੜੀਆਘਰ ਦੀ ਪਹੁੰਚ ਆਸਾਨ ਕੀਤੀ ਜਾਵੇਗੀ। ਇਸਦਾ ਹਵਾਈ ਅੱਡੇ ਅਤੇ ਹੋਰ ਸਥਾਨਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਏਗਾ।
ਆਰ. ਕੇ. ਮਿਸ਼ਰਾ, ਆਈਐੱਫਐੱਸ, ਪ੍ਰਧਾਨ ਮੁੱਖ ਵਣ ਪਾਲ ਨੇ ਦੱਸਿਆ ਕਿ ਵਣ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਹਿਲਾਂ ਚਿੜੀਆਘਰ ’ਚ ਜਾਨਵਰਾਂ ਦੇ ਰਸੋਈ ਘਰ ਦਾ ਉਦਘਾਟਨ ਕੀਤਾ, ਜਿਸ ’ਚ ਜਾਨਵਰਾਂ ਦੇ ਭੋਜਨ ਨੂੰ ਪਕਾਉਣ ਦਾ ਪ੍ਰਬੰਧ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਇਹ ਇੱਕ ਨਵੀ ਤੇ ਆਧੁਨਿਕ ਕਿਸਮ ਦਾ ਸੈਕਸ਼ਨ ਹੈ, ਜਿਸ ਵਿੱਚ ਜਾਨਵਰਾਂ ਦੇ ਭੋਜਨ ਨੂੰ ਪਕਾਉਂਦੇ ਹੋਏ ਸੇਫਟੀ, ਬਾਇਓਸਕਿਉਰਿਟੀ, ਸਾਫ-ਸਫਾਈ ਆਦਿ ਸਬੰਧੀ ਸਟੈਂਡਰਡ ਮੇਨਟੇਨ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਲਾਇਨ ਸਫਾਰੀ ’ਚ ਮਾਸਾਹਾਰੀ ਜਾਨਵਰਾਂ ਲਈ ਬਣਾਏ ਕ੍ਰਿਟੀਕਲ ਕੇਅਰ ਯੂਨਿਟ ਦਾ ਉਦਘਾਟਨ ਕੀਤਾ ਜਿਸ ਵਿੱਚ ਇੰਟਰਨੈਸ਼ਨਲ ਸਟੈਂਡਰਡ ਮੁਤਾਬਕ ਜਾਨਵਰਾਂ ਲਈ ਢੁਕਵੀ ਟੈਪਰੇਚਰ ਤੇ ਹਿਉਮੀਡਿਟੀ ਕੰਟਰੋਲ ਸੁਵਿਧਾ ਤੇ ਜਾਨਵਰਾਂ ਦੇ ਇਲਾਜ ਲਈ ਇਕ ਆਟੋਮੈਟਿਕ ਰੀਸਟਰੇਨ ਸੁਵਿਧਾ ਦਾ ਪ੍ਰਬੰਧ ਹੈ। ਇਸ ਮਗਰੋਂ ਸ੍ਰੀ ਕਟਾਰੂਚੱਕ ਨੇ ਦਰਸ਼ਕਾਂ ਤੇ ਸਕੂਲੀ ਬੱਚਿਆ ਦੇ ਲਈ ਤਿਆਰ ਕੀਤੇ ਗਏ ਇੱਕ ਓਪਨ ਏਅਰ ਜੂ ਐਜੂਕੇਸ਼ਨ ਪਲਾਜ਼ਾ ਦਾ ਉਦਘਾਟਨ ਕੀਤਾ। ਸ਼੍ਰੀ ਮਿਸ਼ਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵੱਲੋਂ ਨੇਚਰ ਇੰਟਰਪਰੇਟੇਸ਼ਨ ਸੈਂਟਰ ਦੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ ਹੈ।
ਇਸ ਨੇਚਰ ਇੰਟਰਪਰੇਟੇਸ਼ਨ ਸੈਂਟਰ ਦੇ ਫੇਜ-1, ਜਿਸ ਵਿੱਚ ਚਿੜੀਆਘਰ ਛੱਤਬੀੜ ਦੇ ਪਿਛੋਕੜ ਅਤੇ ਵੱਡਮੁਲੇ ਜਾਨਵਰਾਂ ਦੇ ਕੰਜ਼ਰਵੇਸ਼ਨ ਦੇ ਮੰਤਵ ਵਿੱਚ ਨਿਭਾਈ ਗਈ ਭੂਮਿਕਾ ਬਾਰੇ ਦੱਸਿਆ ਗਿਆ ਹੈ।
ਇਸ ਮੌਕੇ ਮੰਤਰੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਪਰ ਜੰਗਲੀ ਜੀਵਨ ਦਾ ਸਾਡੇ ਲਈ ਬਹੁਤ ਮਹੱਤਵ ਹੈ ਤੇ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਮਨੁੱਖੀ ਜੀਵਨ ਦੀ ਖੁਸ਼ਹਾਲੀ ਲਈ 33 ਫ਼ੀਸਦੀ ਜੰਗਲ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜੰਗਲੀ ਰਕਬਾ ਵਧਾਉਣ ਲਈ ਕੰਮ ਕਰ ਰਹੀ ਹੈ। ਛੱਤਬੀੜ ਚਿੜੀਆਘਰ ਦੀ ਆਪਣੀ ਫੇਰੀ ਨੂੰ ਭਾਵਨਾਤਮਕ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਜਾਨਵਰ ਤੇ ਪੰਛੀ ਜੋ ਉਹ ਬਚਪਨ ’ਚ ਫ਼ਿਲਮਾਂ ਵੇਖਦੇ ਸੀ ਅੱਜ ਉਨ੍ਹਾਂ ਨੂੰ ਆਪਣੇ ਅੱਖੀਂ ਵੇਖਣ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਕੁਲਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਚਿੜੀਆਘਰ ਨਾਲ ਉਨ੍ਹਾਂ ਦੀ ਬਚਪਨ ਦੀ ਸਾਂਝ ਹੈ ਕਿਉਂਕਿ ਇਹ ਉਨ੍ਹਾਂ ਦੀ ਪਿੰਡ ਦੀ ਜ਼ਮੀਨ ’ਤੇ ਬਣਿਆ ਹੋਇਆ ਹੈ। ਇਸ ਮੌਕੇ ਮੰਤਰੀ ਕਟਾਰੂਚੱਕ ਅਤੇ ਹਲਕਾ ਵਿਧਾਇਕ ਕੁਲਜੀਤ ਰੰਧਾਵਾ ਨੇ ਛੱਤਬੀੜ ਚਿੜੀਆਘਰ ਵਿੱਚ ਯਾਦਗਾਰੀ ਪੌਦਾ ਵੀ ਲਗਾਇਆ।