ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਗਸਤ
ਰਾਜਸਥਾਨ ਦੇ ਜ਼ਿਲ੍ਹਾ ਜਲੌਰ ਵਿੱਚ ਇੱਕ ਜਾਤੀਵਾਦ ਪ੍ਰਿੰਸੀਪਲ ਛੈਲ ਸਿੰਘ ਵੱਲੋਂ ਘੜੇ ਤੋਂ ਪਾਣੀ ਪੀਣ ਬਦਲੇ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ ਉਪਰੰਤ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਦਲਿਤ ਬੱਚੇ ਇੰਦਰ ਕੁਮਾਰ ਮੇਘਵਾਲ ਨੂੰ ਸ਼ਰਧਾਂਜਲੀ ਦੇਣ ਲਈ ਬਹੁਜਨ ਸਮਾਜ ਪਾਰਟੀ ਦੇ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਇੰਚਾਰਜ ਚੰਡੀਗੜ੍ਹ, ਪੰਜਾਬ ਦੀ ਰਹਿਨੁਮਾਈ ਹੇਠ ਬਸਪਾ ਦੀ ਚੰਡੀਗੜ੍ਹ ਇਕਾਈ ਵੱਲੋਂ ਸੈਕਟਰ 17 ’ਚ ਮੋਮਬੱਤੀ ਮਾਰਚ ਕੱਢਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਜਲੌਰ ਰਾਜਸਥਾਨ ਕਾਂਡ ਦੇ ਮ੍ਰਿਤਕ ਇੰਦਰ ਮੇਘਵਾਲ ਦੀ ਅੱਗ ਅਜੇ ਠੰਢੀ ਨਹੀਂ ਸੀ ਹੋਈ ਕਿ ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਜ਼ਿਲ੍ਹੇ ਵਿੱਚ ਇਕ ਅਨੁਸੂਚਿਤ ਜਾਤੀ ਦੀ ਨਾਬਾਲਿਗ ਲੜਕੀ ਨੂੰ ਤਲਾਅ ਵਿੱਚ ਸੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਸਪਾ ਦਾ ਮੰਨਣਾ ਹੈ ਕਿ ਅਜ਼ਾਦੀ ਦੇ 75 ਸਾਲ ਬੀਤਣ ਬਾਅਦ ਵੀ ਜਾਤੀਵਾਦ ਸ਼ਿਖਰਾਂ ਉਤੇ ਹੈ ਅਤੇ ਇਸ ਦਾ ਅੰਤ ਹੋਣਾ ਚਾਹੀਦਾ ਹੈ। ਬਹੁਜਨ ਸਮਾਜ ਪਾਰਟੀ ਦੀ ਮੰਗ ਹੈ ਕਿ ਬੱਚੇ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮਾਲੀ ਸਹਾਇਤਾ ਵੀ ਦਿੱਤੀ ਜਾਵੇ। ਇਸ ਮੋਮਬੱਤੀ ਮਾਰਚ ਦੀ ਅਗਵਾਈ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਵਰਿਆਮ ਸਿੰਘ, ਪ੍ਰਦੇਸ਼ ਪ੍ਰਭਾਰੀ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਅਤੇ ਐਡਵੋਕੇਟ ਸੁਦੇਸ਼ ਕੁਮਾਰ ਖੁਰਚਾ ਵੱਲੋਂ ਕੀਤੀ ਗਈ।