ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਇੱਥੇ ਅੱਜ ਦੁੱਗਰੀ ਨਹਿਰ ਉੱਤੇ ਪ੍ਰਾਈਵੇਟ ਸਫ਼ਾਈ ਸੇਵਕਾਂ ਨੇ ਕੂੜੇ ਨਾਲ ਭਰੀਆਂ ਰੇਹੜੀਆਂ ਸੜਕ ’ਤੇ ਖੜ੍ਹੀਆਂ ਕਰਕੇ ਆਵਾਜਾਈ ਠੱਪ ਕੀਤੀ। ਜਾਮ ਲੱਗਣ ਨਾਲ ਕਰੀਬ 1 ਘੰਟੇ ਤੱਕ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਰਹੇ। ਇਸ ਦੌਰਾਨ ਕਈ ਵਾਹਨ ਚਾਲਕਾਂ ਦੀ ਪ੍ਰਦਰਸ਼ਨਕਾਰੀਆਂ ਨਾਲ ਬਹਿਸ ਵੀ ਹੋਈ। ਨਹਿਰ ਉੱਤੇ ਜਾਮ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ।
ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਪਰ ਧਰਨਾਕਾਰੀ ਇਸ ਗੱਲ ’ਤੇ ਅੜ ਗਏ ਕਿ ਜਦੋਂ ਤੱਕ ਵਿਧਾਇਕ ਕੁਲਵੰਤ ਸਿੰਘ ਸਿੱਧੂ ਧਰਨਾ ਸਥਾਨ ’ਤੇ ਨਹੀਂ ਆਉਂਦੇ, ਉਹ ਧਰਨਾ ਨਹੀਂ ਚੁੱਕਣਗੇ। ਹਾਲਾਤ ਵਿਗੜਦੇ ਦੇਖ ਵਿਧਾਇਕ ਸਿੱਧੂ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਓਮ ਪਾਲ ਚੰਡਾਲੀਆ ਨੇ ਕਿਹਾ ਕਿ ਇਹ ਧਰਨਾ ਨਿੱਜੀ ਸਫ਼ਾਈ ਸੇਵਕਾ ਵੱਲੋਂ ਲਗਾਇਆ ਗਿਆ ਹੈ, ਜੋ ਲੋਕਾਂ ਦੇ ਘਰਾਂ ’ਚੋਂ ਕੂੜਾ ਚੁੱਕ ਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹਨ ਪਰ ਅੱਜ ਸਫ਼ਾਈ ਸੇਵਕ ਕੂੜਾ ਲੈ ਕੇ ਜਦੋਂ ਡੰਪ ’ਤੇ ਗਏ ਤਾਂ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਥੇ ਕੂੜਾ ਸੁੱਟਣ ਤੋਂ ਰੋਕ ਦਿੱਤਾ। ਸਫ਼ਾਈ ਸੇਵਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਕੂੜਾ ਸੁੱਟਣ ਲਈ ਵੱਖਰੇ ਤੌਰ ’ਤੇ ਜਗ੍ਹਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਇਹ ਫ਼ੈਸਲਾ ਹੋਇਆ ਸੀ ਕਿ ਪ੍ਰਾਈਵੇਟ ਮੁਲਾਜ਼ਮ ਘਰਾਂ ’ਚੋਂ ਕੂੜਾ ਚੁੱਕ ਕੇ ਡੰਪ ’ਤੇ ਲਿਆਉਣਗੇ। ਹੁਣ ਪ੍ਰਾਈਵੇਟ ਕੂੜਾ ਚੁੱਕਣ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਲਈ ਨਿਗਮ ਦਬਾਅ ਬਣਾ ਰਿਹਾ ਹੈ ਕਿ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕਰਕੇ ਲਿਆਓ, ਜਦੋਂ ਕਿ ਨਿਗਮ ਮੁਲਾਜ਼ਮ ਡੰਪ ’ਤੇ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਹੀ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡੰਪ ’ਤੇ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਹੀ ਰੱਖਣਾ ਹੈ ਤਾਂ ਅਧਿਕਾਰੀ ਸਫ਼ਾਈ ਸੇਵਕਾਂ ਨੂੰ ਵੱਖ-ਵੱਖ ਕੂੜਾ ਲਿਆਉਣ ਲਈ ਕਿਉਂ ਪ੍ਰੇਸ਼ਾਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਹੀ ਸਰਕਾਰ ਨੇ ਉਨ੍ਹਾਂ ਨੂੰ ਵੱਖ ਜਗ੍ਹਾ ਨਾ ਦਿੱਤੀ ਤਾਂ ਉਹ ਸੰਘਰਸ਼ ਕਰਨਗੇ। ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਪ੍ਰਾਈਵੇਟ ਸਫ਼ਾਈ ਕਰਮੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ।