ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਦਸੰਬਰ
ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਲਕੇ ਧਰਮਕੋਟ ਫੇਰੀ ਮੌਕੇ ਅਧਿਆਪਕ ਜਥੇਬੰਦੀ ਵੱਲੋਂ ਵਿਰੋਧ ਕਰਨ ਦੇ ਐਲਾਨ ਤੋਂ ਪੁਲੀਸ ਵਿਭਾਗ ਨੇ ਸੰਘਰਸਸ਼ੀਲ ਅਧਿਆਪਕ ਆਗੂ ਤੜਕਸਾਰ ਘਰਾਂ ’ਚੋਂ ਚੁੱਕ ਕੇ ਥਾਣੇ ਵਿੱਚ ਡੱਕ ਦਿੱਤੇ। ਅਧਿਆਪਕ ਸਾਥੀਆਂ ਵੱਲੋਂ ਆਗੂਆਂ ਦੀ ਇਸ ਗ੍ਰਿਫ਼ਤਾਰੀ ਖ਼ਿਲਾਫ਼ ਥਾਣਾ ਧਰਮਕੋਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਅਮਨ ਕਾਨੂੰਨ ਬਰਕਰਾਰ ਰੱਖਣ ਲਈ ਕਿਸੇ ਵੀ ਜਥੇਬਦੀ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਧਿਆਪਕ ਜਥੇਬੰਦੀ ਦੇ ਦੋ ਮੁੱਖ ਆਗੂਆਂ ਦੀ ਮੁੱਖ ਮੰਤਰੀ ਨਾਲ ਧਰਮਕੋਟ ’ਚ ਮੁਲਾਕਾਤ ਦਾ ਸਮਾਂ ਤੈਅ ਕਰਵਾ ਦਿੱਤਾ ਗਿਆ ਅਤੇ ਇਸ ਬਾਅਦ ਉਨ੍ਹਾਂ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਅਧਿਆਪਕ ਆਗੂ ਜੱਜਪਾਲ ਬਾਜੇ ਕੇ, ਬਲਜਿੰਦਰ ਧਾਲੀਵਾਲ, ਅਮਨ ਮਟਵਾਣੀ ਗੁਰਪ੍ਰੀਤ ਅੰਮੀਵਾਲ, ਗੁਰਮੀਤ ਢੋਲੇਵਾਲ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਛੇਂਵੇ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸਾਂ ਲਾਗੂ ਕਰਨ, ਭੱਤਾ ਕੱਟਣ ਦਾ ਵਿਰੋਧ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਤਬਾਦਲੇ ਅਧੀਨ ਅਧਿਆਪਕਾਂ ਨੂੰ ਰਿਲੀਵ ਨਾ ਕਰਨ ਤੋਂ ਉਹ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮਕੋਟ ਪੁਲੀਸ ਵੱਲੋਂ ਅੱਜ ਸਵੇਰੇ ਤੋਂ ਹੀ ਲਗਾਤਾਰ ਸਾਂਝੇ ਅਧਿਆਪਕ ਫਰੰਟ ਪੰਜਾਬ ਦੇ ਅਧਿਆਪਕਾਂ ਦੇ ਘਰਾਂ ਉੱਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਕਿਸ਼ਨਪੁਰਾ ਕਲਾਂ ਤੋਂ ਅਧਿਆਪਕ ਆਗੂ ਪਰਗਟਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਜਬਰਨ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਹੈ, ਜਿਸ ਦੇ ਰੋਸ ਵਜੋਂ ਸਮੂਹ ਜਥੇਬੰਦੀਆਂ ਵੱਲੋਂ ਧਰਮਕੋਟ ਥਾਣੇ ਦਾ ਘਿਰਾਓ ਕਰਦੇ ਹੋਏ ਥਾਣੇ ਅੱਗੇ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਧਿਆਪਕ ਆਗੂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ ਅਤੇ ਕੱਲ੍ਹ ਨੂੰ ਮੁੱਖ ਮੰਤਰੀ ਦੇ ਪ੍ਰੋਗਰਾਮ ਸਮੇਂ ਅਧਿਆਪਕ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।