ਨਿਜੀ ਪੱਤਰ ਪ੍ਰੇਰਕ
ਮੋਗਾ, 26 ਦਸੰਬਰ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਪੁਲੀਸ ਦੀਆਂ ਪੈਟਾਂ ਗਿੱਲੀਆਂ’ ਕਰਨ ਵਾਲੇ ਬਿਆਨ ਤੋਂ ਕਸੂਤੇ ਫਸ ਗਏ ਹਨ। ਇਸ ਬਿਆਨ ਤੋਂ ਪੁਲੀਸ ਵਿੱਚ ਸਿੱਧੂ ਖ਼ਿਲਾਫ਼ ਕਾਫੀ ਗੁੱਸਾ ਹੈ। ਸੋਸ਼ਲ ਮੀਡੀਆ ’ਤੇ ਪੁਲੀਸ ਵਿਭਾਗ ’ਚ ਚੰਡੀਗੜ੍ਹ ਦੇ ਦੱਸੇ ਜਾਂਦੇ ਇੱਕ ਡੀਐੱਸਪੀ ਦੀ ਮੋੜਵਾਂ ਜਵਾਬ ਦਿੰਦੀ ਲਾਈਵ ਵੀਡੀਓ ਵਾਇਰਲ ਹੋਈ ਹੈ। ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਇੱਕ ਕਾਂਗਰਸੀ ਵਿਧਾਇਕ ਦੇ ਹੱਕ ਅਤੇ ਹਮਾਇਤ ਦੇ ਜੋਸ਼ ’ਚ ਕਿਹਾ ਹੈ ਕਿ ਜੇ ਚੀਮਾ ਇੱਕ ਦਬਕਾ ਮਾਰੇ ਤਾਂ ਪੁਲੀਸ ਅਧਿਕਾਰੀਆਂ ਦੀ ਪੈਂਟ ਗਿੱਲੀ ਹੋ ਜਾਵੇ। ਚੰਡੀਗੜ੍ਹ ਪੁਲੀਸ ਦੇ ਦਿਲਸ਼ੇਰ ਸਿੰਘ ਚੰਦੇਲ ਨੇ ਸਭ ਤੋਂ ਪਹਿਲਾਂ ਆਪਣੀ ਸ਼ਾਇਰੀ ਦੇ ਅੰਦਾਜ ਵਿੱਚ ਸਿੱਧੂ ਨੂੰ ਜਵਾਬ ਦਿੱਤਾ ਹੈ। ਚੰਦੇਲ ਨੇ ਕਿਹਾ, ‘ਸਿਆਸਤ ਦੇ ਰੰਗਾਂ ’ਚ ਇੰਨਾ ਨਾ ਡੁੱਬੋ ਕਿ ਸੂਰਬੀਰਾਂ ਦੀ ਸ਼ਹਾਦਤ ਯਾਦ ਨਾ ਆਵੇ, ਜੁਬਾਨ ਦਾ ਵਾਅਦਾ ਯਾਦ ਰੱਖੋ, ਜੁਬਾਨ ਦੇ ਬੋਲ ਯਾਦ ਰੱਖੋ।’ ਉਨ੍ਹਾਂ ਕਿਹਾ ਕਿ ਪੁਲੀਸ ਦੀ ਜਮੀਰ ਵੀ ਹੈ ਤੇ ਸਤਿਕਾਰ ਵੀ। ਇਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮੈਂ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਪੂਰੀ ਪੁਲੀਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ।ਚੰਡੀਗੜ੍ਹ ਪੁਲੀਸ ਦੇ ਇਸ ਅਧਿਕਾਰੀ ਦੀ ਵਾਇਰਲ ਹੋਈ ਲਾਈਵ ਵੀਡੀਓ ਵਿੱਚ ਉਨ੍ਹਾਂ ਸਿੱਧੂ ਵੱਲੋਂ ਇੱਕ ਜਨਤਕ ਮੀਟਿੰਗ ਵਿੱਚ ‘ਪੁਲੀਸ ਵਾਲਿਆਂ ਦੀਆਂ ਪੈਂਟਾਂ ਗਿੱਲੀਆਂ ਕਰਨ’ ਦੀ ਗੱਲ ਆਖ ਕੇ ਪੁਲੀਸ ਦਾ ਮਜਾਕ ਉਡਾਉਣ ਨਾਲ ਫੋਰਸਾਂ ਦਾ ਮਨੋਬਲ ਡਿੱਗਿਆ ਹੈ। ਉਨ੍ਹਾਂ ਆਖਿਆ ਕਿ ਸਿਆਸਤਦਾਨਾਂ ਨੂੰ ਸੁਰੱਖਿਆ ਬਲਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਸਿਰਫ ਆਪਣਾ ਫਰਜ ਨਿਭਾ ਰਹੇ ਹਨ ਅਤੇ ਸਿਆਸਤਦਾਨਾਂ ਨੂੰ ਅਜਿਹੇ ਬਿਆਨ ਦੇ ਕੇ ਉਨ੍ਹਾਂ ਦਾ ਮਨੋਬਲ ਨਹੀਂ ਡੇਗਣਾ ਚਾਹੀਦਾ। ਸੁਰੱਖਿਆ ਬਲਾਂ ਦਾ ਆਪਣਾ ਮਾਣ ਹੈ। ਸਿੱਧੂ ਨੇ ਅਜਿਹੇ ਸ਼ਰਮਨਾਕ ਬਿਆਨ ਦੇ ਕੇ ਪੂਰੀ ਪੰਜਾਬ ਪੁਲੀਸ ਨੂੰ ਬਦਨਾਮ ਕੀਤਾ ਹੈ। ਡੀਐੱਸਪੀ ਨੇ ਵੀਡੀਓ ਵਿੱਚ ਕਿਹਾ ਹੈ ਕਿ ‘ਪੁਲੀਸ ਮੁਲਾਜ਼ਮਾਂ ਕਾਰਨ ਲੋਕ ਜਨਤਕ ਤੌਰ ‘ਤੇ ਸਿਆਸੀ ਨੇਤਾਵਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ। ਸਿੱਧੂ ਨੂੰ ਸੁਰੱਖਿਆ ਛੱਡਣ ਦੀ ਚੁਣੌਤੀ ਦਿੰਦੇ ਕਿਹਾ ਕਿ ਪੁਲੀਸ ਤੋਂ ਬਿਨਾਂ ਤਾਂ ਕੋਈ ਰਿਕਸ਼ਾ ਚਾਲਕ ਵੀ ਸਿਆਸਤਦਾਨਾਂ ਦੀ ਗੱਲ ਨਹੀਂ ਸੁਣੇਗਾ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਸੀਨੀਅਰ ਆਗੂ ਅਜਿਹੇ ਸ਼ਬਦ ਕਹਿ ਕੇ ਫੋਰਸ ਦਾ ਅਪਮਾਨ ਕਰਦੇ ਹਨ। ਇਹ ਫੋਰਸ ਉਸ ਦੇ ਪਰਿਵਾਰ ਸਮੇਤ ਉਸ ਦੀ ਰੱਖਿਆ ਕਰਦੀ ਹੈ।