ਪੱਤਰ ਪ੍ਰੇਰਕ
ਕਾਹਨੂੰਵਾਨ, 6 ਅਪਰੈਲ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਗੁਰਦਾਸਪੁਰ ਵੱਲੋਂ ਕਾਦੀਆਂ ਹਲਕੇ ਦੇ ਪਿੰਡ ਮੌਚਪੁਰ ਵਿੱਚ ਲੋਕ ਦਰਬਾਰ ਲਗਾਇਆ। ਇਸ ਮੌਕੇ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਇਲਾਵਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਮੌਕੇ ਪਿੰਡ ਮੌਚਪੁਰ ਦੇ ਲੋਕਾਂ ਨੇ ਪਿੰਡ ਵਿੱਚ ਇੱਕ ਖੇਡ ਗਰਾਊਂਡ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਲੋੜੀਂਦੇ ਸਟਾਫ਼ ਤੋਂ ਇਲਾਵਾ ਨਵਾਂ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਕੁਝ ਕੱਖਾਂ ਕਾਨਿਆਂ ਦੇ ਘਰਾਂ ਵਿੱਚ ਰਹਿਣ ਵਾਲੇ ਗ਼ਰੀਬ ਪਰਿਵਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਕੇ ਮਕਾਨ ਬਣਾ ਕੇ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਵਿਕਾਸ ਬਲਰਾਜ ਸਿੰਘ, ਐੱਸਡੀਐੱਮ ਅਮਨਦੀਪ ਸਿੰਘ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ, ਐਕਸੀਅਨ ਹਰਜੋਤ ਸਿੰਘ, ਐਕਸੀਅਨ ਬਲਦੇਵ ਸਿੰਘ, ਐਕਸੀਅਨ ਜਤਿੰਦਰ ਮੋਹਨ, ਤਹਿਸੀਲਦਾਰ ਜਗਤਾਰ ਸਿੰਘ ਹਾਜ਼ਰ ਸਨ।
ਲੋਕਾਂ ਦਾ ਮੁਸ਼ਕਲਾਂ ਦਾ ਮੌਕੇ ’ਤੇ ਨਿਪਟਾਰਾ ਹੋਵੇਗਾ: ਡੀਸੀ
ਅੰਮ੍ਰਿਤਸਰ (ਪੱਤਰ ਪ੍ਰੇਰਕ): ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪ੍ਰਸਾਸ਼ਨ ਆਮ ਆਦਮੀ ਨੂੰ ਸਹੂਲਤਾਂ ਉਨ੍ਹਾਂ ਦੇ ਘਰ ਦੇ ਦੁਆਰ ਤਕ ਹੀ ਮੁਹੱਈਆ ਕਰਵਾਉਣਗੇ ਅਤੇ ਪਿੰਡਾਂ ਦੇ ਪੰਚਾਇਤ ਘਰਾਂ ਵਿੱਚ ਲੋਕ ਦਰਬਾਰ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰਾਂ ਨੂੰ ਨਾਂ ਵਿੱਚ ਹੀ ਨਹੀਂ ਸਗੋਂ ਕੰਮ ਵਿੱਚ ਸੁਵਿਧਾ ਬਣਾਇਆ ਜਾਵੇਗਾ। ਸ੍ਰੀ ਸੂਦਨ ਨੇ ਗੁਰੂ ਕੀ ਨਗਰੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਨਾ ਕਰਨ। ਸ੍ਰੀ ਸੂਦਨ ਨੇ ਕਿਹਾ ਕਿ ਜੇ ਲੋਕਾਂ ਨੂੰ ਪ੍ਰਸਾਸ਼ਨ ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਘਰ ਬੈਠੇ ਹੀ ਗਰੀਵਨੈਂਸ ਰੀਡਰੈਸਰਲ ਪੋਰਟਲ ’ਤੇ ਆਨ ਲਾਈਨ ਸ਼ਿਕਾਇਤ ਦਰਜ ਕਰ ਸਕਦੇ ਹਨ। ਸ੍ਰੀ ਸੂਦਨ ਨੇ ਕਿਹਾ ਕਿ ਉਹ ਰੋਜ਼ਾਨਾ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਤਕ ਆਮ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨਗੇ।