ਕੇਵਲ ਧਾਲੀਵਾਲ
ਉਹ ਮੇਰਾ ਦੋਸਤ ਸੀ। ਸਕੂਲ ਵਿਚ ਮੇਰਾ ਸੀਨੀਅਰ ਸੀ। ਉਹ ਅਦਾਕਾਰ ਸੀ, ਗਾਇਕ ਸੀ, ਨਾਟਕਕਾਰ ਸੀ, ਗੀਤਕਾਰ ਸੀ, ਅਧਿਆਪਕ ਸੀ। ਉਹ ਸ਼ਰਾਰਤੀ ਸੀ, ਪਰ ਸਿਰਜਣਾਤਮਕ ਸੀ। ਉਸ ਨੂੰ ਸਿੱਖ ਇਤਿਹਾਸ ਜ਼ਬਾਨੀ ਯਾਦ ਸੀ। ਉਹ ਆਪਣੇ ਧੀਆਂ-ਪੁੱਤਾਂ ਨੂੰ ਪਿਆਰ ਕਰਨ ਵਾਲਾ ਪਿਤਾ ਅਤੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨਾਲ ਖੇਡਣ ਤੇ ਮਾਣ ਕਾਰਨ ਵਾਲਾ ਦਾਦਾ-ਨਾਨਾ ਸੀ। ਉਸ ਦੇ 15 ਨਾਟਕਾਂ ਦੀ ਕਿਤਾਬ ‘ਸਤਵਿੰਦਰ ਸੋਨੀ ਦੇ ਨਾਟਕ’ ਛਪ ਕੇ ਆਈ ਤਾਂ ਮੈਂ ਉਸ ਨੂੰ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਰਿਲੀਜ਼ ਕਰਨ ਲਈ ਕਿਹਾ। ਉਨ੍ਹੀਂ ਦਿਨੀਂ ਉਸ ਦੀ ਪਤਨੀ ਆਪਣੇ ਬੇਟੇ ਕੋਲ ਆਸਟਰੇਲੀਆ ਸੀ ਤਾਂ ਸੋਨੀ ਕਹਿਣ ਲੱਗਾ, ‘‘ਧਾਲੀਵਾਲ ਸਾਹਿਬ! ਮੇਰੀ ਪਤਨੀ ਨੂੰ ਵਾਪਸ ਆ ਲੈਣ ਦਿਓ। ਮੈਂ ਚਾਹੁੰਦਾਂ ਉਸ ਦੇ ਹੱਥੋਂ ਕਿਤਾਬ ਰਿਲੀਜ਼ ਹੋਵੇ।’’ ਇਹ ਉਸ ਦਾ ਆਪਣੀੇ ਪਤਨੀ ਪ੍ਰਤੀ ਪਿਆਰ ਵੀ ਸੀ ਤੇ ਸਤਿਕਾਰ ਵੀ।
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਪੜ੍ਹਦਿਆਂ ਉਸ ਨੂੰ ਅਦਾਕਾਰੀ ਦੀ ਲਗਨ ਲੱਗੀ ਅਤੇ ਇਸ ਲਗਨ ਨੂੰ ਉਸ ਦੇ ਅਧਿਆਪਕ ਸ. ਕੁਲਦੀਪ ਸਿੰਘ ਨੇ ਖੰਭ ਦਿੱਤੇ। ਉਨ੍ਹਾਂ ਖੰਭਾਂ ਨੂੰ ਉਡਾਣ ਹਿੰਦੀ ਵਾਲੇ ਮੈਡਮ ਸੁਪਰਭਾ ਆਰੀਆ ਨੇ ਦਿੱਤੀ। ਸਕੂਲ ਨਾਟਕ ਖੇਡਦਾ-ਖੇਡਦਾ ਉਹ ਭਾਅ ਜੀ ਗੁਰਸ਼ਰਨ ਸਿੰਘ ਦੀ ਨਾਟਕ ਟੀਮ ਵਿਚ ਆ ਰਲਿਆ ਤੇ ਫੇਰ ਉਸ ਨੇ ਪਿੱਛੇ ਮੁੜ ਕੇ ਨਾ ਵੇਖਿਆ। ਇਹ ਉਹ ਦੌਰ ਸੀ ਜਦੋਂ 1975 ਦੀ ਐਮਰਜੈਂਸੀ ਵੇਲੇ ਗੁਰਸ਼ਰਨ ਭਾਅ ਜੀ ਨੂੰ ਨਾਟਕ ‘ਤਖ਼ਤ ਲਾਹੌਰ’ ਤੇ ‘ਮਸ਼ਾਲ’ ਕਰਨ ਲਈ ਵੇਲੇ ਦੀ ਸਰਕਾਰ ਨੇ ਜੇਲ੍ਹ ’ਚ ਬੰਦ ਕਰ ਦਿੱਤਾ ਸੀ, ਡਰਦੇ ਮਾਰੇ ਬਹੁਤੇ ਕਲਾਕਾਰ ਭਾਅ ਜੀ ਦਾ ਸਾਥ ਛੱਡ ਗਏ ਸਨ। ਉਸ ਵੇਲੇ ਜਿਨ੍ਹਾਂ ਕਲਾਕਾਰਾਂ ਨੇ ਭਾਅ ਜੀ ਦੇ ਨਾਲ ਲਗਾਤਾਰ ਸਾਥ ਨਿਭਾਇਆ ਉਨ੍ਹਾਂ ਵਿਚ ਸਤਵਿੰਦਰ ਸੋਨੀ ਸੀ ਅਤੇ ਨਾਲ ਮਾਸਟਰ ਕੁਲਜੀਤ ਸਿੰਘ ਵੇਰਕਾ, ਮਾ. ਬਲਦੇਵ, ਮਾ. ਅਮਰਜੀਤ, ਹੰਸਾ ਸਿੰਘ ਤੇ ਕ੍ਰਿਸ਼ਨ ਦਵੇਸਰ ਸਨ।
ਇਸ ਟੀਮ ਨੇ ਫੇਰ 1978 ਤੱਕ ਲਗਾਤਾਰ ਭਾਅ ਜੀ ਨਾਲ ਪਿੰਡਾਂ ਵਿਚ ਨਾਟਕ ‘ਪਰਖ’, ‘ਕਿਵ ਕੂੜੇ ਟੁਟਿ ਪਾਲਿ’, ‘ਸੰਕਟ ਹੈ ਸੰਕਟ ਨਹੀਂ’, ‘ਇਹ ਲਹੂ ਕਿਸਦਾ ਹੈ’ ਅਤੇ ‘ਭਗੌਤੀ ਦੀ ਸ਼ਕਤੀ’ ਖੇਡੇ। ਇਨ੍ਹਾਂ ਹੀ ਸਮਿਆਂ ਵਿਚ 1976 ’ਚ ਸਕੂਲ ਪੜ੍ਹਦਿਆਂ ਮੇਰੀ ਜਾਣ ਪਛਾਣ ਸਤਵਿੰਦਰ ਸੋਨੀ ਨਾਲ ਹੋਈ। ਮੈਂ ਵੀ ਉਸ ਨੂੰ ਵੇਖ ਕੇ ਹੀ ਅਦਾਕਾਰੀ ਦੇ ਪਿੜ ਵਿਚ ਆਇਆ। ਮੈਂ ਉਸ ਦੀ ਪੱਗ ਬੰਨ੍ਹਣ ਦੇ ਸਟਾਈਲ ਤੋਂ ਵੀ ਬੜਾ ਪ੍ਰਭਾਵਿਤ ਹੁੰਦਾ ਸੀ ਤੇ ਕੋਸ਼ਿਸ਼ ਕਰਦਾ ਕਿ ਸਤਵਿੰਦਰ ਸੋਨੀ ਵਰਗੀ ਪੱਗ ਬੰਨ੍ਹੀ ਜਾਵੇ। ਸਕੂਲ ’ਚ ਅਸੀਂ ਇਕੱਠੇ ਨਾਟਕ ਖੇਡਦੇ, ਗਰੁੱਪ ਸੌਂਗ ਵਿਚ ਭਾਗ ਲੈਂਦੇ, ਭੰਗੜੇ ਦੀ ਟੀਮ ਦਾ ਹਿੱਸਾ ਬਣਦੇ। ਮੈਂ ਵੀ ਉਸ ਦੇ ਕਹਿਣ ’ਤੇ 1978 ’ਚ ਭਾਅ ਜੀ ਦੀ ਟੀਮ ਨਾਲ ਆਣ ਰਲਿਆ। ਨਾਟਕ ਸੀ ‘ਧਮਕ ਨਗਾਰੇ ਦੀ’। ਸਤਵਿੰਦਰ ਸੋਨੀ ਦੀ ਅਦਾਕਾਰੀ ਦਾ ਕਮਾਲ ਉਸ ਦੀ ਆਵਾਜ਼ ਵਿਚ ਸੀ। ਬਹੁਤ ਘੱਟ ਲੋਕਾਂ ਕੋਲ ਥੀਏਟਰੀਕਲ ਵਾਇਸ ਹੁੰਦੀ ਹੈ। ਸੋਨੀ ਦੀ ਟੁਣਕਵੀਂ, ਗੂੰਜਵੀਂ ਤੇ ਪ੍ਰਭਾਵਸ਼ਾਲੀ ਆਵਾਜ਼ ਉਸ ਦੀ ਸ਼ਖ਼ਸੀਅਤ ਦੀ ਪ੍ਰਾਪਤੀ ਸੀ। ਇਸ ਆਵਾਜ਼ ਦਾ ਜਲਵਾ ਉਦੋਂ ਵੀ ਸਿਰ ਚੜ੍ਹ ਬੋਲਿਆ ਜਦੋਂ ਜਲੰਧਰ ਦੂਰਦਰਸ਼ਨ ਉੱਤੇ ਨਾਟਕ ‘ਛਿਪਣ ਤੋਂ ਪਹਿਲਾਂ’ ਪੇਸ਼ ਹੋਇਆ ਤਾਂ ਉਸ ਵਿਚ ਸ਼ਹੀਦ ਭਗਤ ਸਿੰਘ ਦੀ ਭੂਮਿਕਾ ਸਤਵਿੰਦਰ ਸੋਨੀ ਦੇ ਹਿੱਸੇ ਆਈ।
ਉਸ ਨੇ ਭਗਤ ਸਿੰਘ ਦੀ ਭੂਮਿਕਾ ਏਨੀ ਸ਼ਿੱਦਤ ਨਾਲ ਨਿਭਾਈ ਕਿ ਉਸ ਦੀ ਅਦਾਕਾਰੀ ਵੇਖਣ ਵਾਲਿਆਂ ਨੂੰ ਵੇਖ ਕੇ ਲੱਗਦਾ ਸੀ ਜਿਵੇਂ ਭਗਤ ਸਿੰਘ ਵਾਕਈ ਏਦਾਂ ਦਾ ਹੋਵੇਗਾ। ਅੱਜ ਤੱਕ ਲੋਕੀਂ ਉਸ ਨੂੰ ਭਗਤ ਸਿੰਘ ਦੇ ਨਾਮ ਨਾਲ ਯਾਦ ਕਰਦੇ ਹਨ। ਉਸ ਦਾ ਜਨਮ 15 ਫਰਵਰੀ 1960 ਨੂੰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ। ਉਸ ਨੇ ‘ਗਿਆਨੀ’ ਦੀ ਪੜ੍ਹਾਈ ਕੀਤੀ, ਫੇਰ ਓ.ਟੀ. ਕੀਤੀ ਅਤੇ ਅਧਿਆਪਕ ਲੱਗ ਗਿਆ। ਉਸ ਨੇ ਸਕੂਲਾਂ ਵਿਚ ਪੜ੍ਹਾਉਂਦਿਆਂ ਵੀ ਲਗਾਤਾਰ ਸਕੂਲੀ ਬੱਚਿਆਂ ਨੂੰ ਨਾਟਕ ਨਾਲ ਜੋੜੀ ਰੱਖਿਆ। ਉਹ ਹਰ ਸਾਲ ਸਕੂਲ ਦੀ ਨਾਟਕ ਟੀਮ ਨੂੰ ‘ਭਾਸ਼ਾ ਵਿਭਾਗ ਪੰਜਾਬ ਸਰਕਾਰ’ ਅਤੇ ‘ਪੰਜਾਬ ਸਕੂਲ ਸਿੱਖਿਆ ਬੋਰਡ’ ਵੱਲੋਂ ਹੁੰਦੇ ਨਾਟ-ਮੁਕਾਬਲਿਆਂ ਵਿਚ ਲੈ ਕੇ ਜਾਂਦਾ ਤੇ ਬਿਹਤਰੀਨ ਨਾਟ ਨਿਰਦੇਸ਼ਕ ਅਤੇ ਬਿਹਤਰੀਨ ਨਾਟਕਕਾਰ ਜਿਹੇ ਵੱਕਾਰੀ ਐਵਾਰਡ ਵੀ ਜਿੱਤਦਾ ਰਿਹਾ।
ਉਸ ਨੇ ਇਕ ਗੀਤ ਸੰਗ੍ਰਹਿ ‘ਬਿਰਹਾ ਦੀਆਂ ਪੀੜਾਂ’ ਵੀ ਰਚਿਆ ਅਤੇ 20 ਤੋਂ ਵੱਧ ਨਾਟਕਾਂ ਦੀ ਰਚਨਾ ਕੀਤੀ। ਉਸ ਦਾ ਨਾਟਕ ‘ਸਮਾਂ ਮੰਗ ਕਰਦਾ ਹੈ’ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਬੀ.ਏ. ਦੇ ਸਿਲੇਬਸ ਦਾ ਹਿੱਸਾ ਵੀ ਬਣਾਇਆ ਗਿਆ। ਉਸ ਨੇ ਸਿੱਖ ਇਤਿਹਾਸ ਅਤੇ ਆਜ਼ਾਦੀ ਸੰਗਰਾਮ ਲਈ ਵੀ ਨਾਟਕ ਲਿਖੇ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ‘ਮੀਲ ਪੱਥਰ’, ‘ਸਮਾਂ ਮੰਗ ਕਰਦਾ ਹੈ’, ‘ਮਮਤਾ’ ਅਤੇ ‘ਕਾਲਾ ਹਾਸ਼ੀਆ’ ਜਿਹੇ ਨਾਟਕਾਂ ਦੀ ਵੀ ਰਚਨਾ ਕੀਤੀ। ਪਿਛਲੇ ਸਮਿਆਂ ਵਿਚ ਬਿਮਾਰ ਹੁੰਦਿਆਂ ਵੀ ਉਸ ਨੇ ਲੋਕ ਰੰਗ ’ਚ ਰੰਗੇ ਨਾਟਕ ‘ਬਾਲੂ ਮਾਹੀਆ’ ਦੀ ਰਚਨਾ ਕੀਤੀ ਜੋ ਹਾਲੇ ਖੇਡਿਆ ਨਹੀਂ ਗਿਆ। ਜਲੰਧਰ ਦੂਰਦਰਸ਼ਨ ਉਪਰ ਉਸ ਵੱਲੋਂ ਕੀਤੀ ਵਿਲੱਖਣ ਅਦਾਕਾਰੀ ‘ਨੂਰਾਂ’, ‘ਸ਼ਨਾਖਤ’, ‘ਸ਼ਤਰੰਜ’ ਅਤੇ ‘ਜ਼ਮੀਰ ਦੀ ਆਵਾਜ਼’ ਜਿਹੇ ਨਾਟਕਾਂ ਰਾਹੀਂ ਦਰਸ਼ਕਾਂ ਦੇ ਚੇਤਿਆਂ ਵਿਚ ਵਸਦੀ ਹੈ।
ਸਤਵਿੰਦਰ ਸੋਨੀ ਦੀ ਰੰਗਮੰਚ ਕਲਾ ਦਾ ਜਾਦੂ
ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਸੀ। ਉਸ ਨੇ ਭਾਅ ਜੀ ਗੁਰਸ਼ਰਨ ਸਿੰਘ ਨਾਲ ਕੰਮ ਕਰਦਿਆਂ ਟਾਟਾ, ਰੁੜਕੇਲਾ, ਬਿਹਾਰ, ਯੂ. ਪੀ., ਮੁੰਬਈ, ਜੈਪੁਰ ਅਤੇ ਕਲਕੱਤੇ ਵਰਗੇ ਸ਼ਹਿਰਾਂ ਵਿਚ ਨਾਟਕ ‘ਆਤਮਾ ਵਿਕਾਊ ਹੈ’, ‘ਜੰਗੀ ਰਾਮ ਦੀ ਹਵੇਲੀ’, ‘ਸੀਸ ਤਲੀ ਤੇ’, ‘ਰੋਟੀ ਚੋਰ’, ‘ਕਰਫਿਊ’, ‘ਬੰਦ ਕਮਰੇ’, ‘ਜਦੋਂ ਰੌਸ਼ਨੀ ਹੁੰਦੀ ਹੈ’, ‘ਅਠਾਰਾਂ ਸਾਲ ਬਾਅਦ’, ‘ਇੱਕੀਵੀਂ ਸਦੀ’ ਅਤੇ ‘ਬਾਂਹਿ ਜਿਨਾਂ ਦੀ ਪੜਕੀਏ’ ਰਾਹੀਂ ਇਕ ਵੱਖਰੀ ਪਛਾਣ ਬਣਾਈ।
ਜਦੋਂ ਅਸੀਂ ਗੁਰਸ਼ਰਨ ਭਾਅ ਜੀ ਨਾਲ ਇਨਕਲਾਬੀ ਐਕਸ਼ਨ ਗੀਤ ਪੇਸ਼ ਕਰਦੇ ਤਾਂ ਸੋਨੀ ਦਾ ਜੋਸ਼, ਉਸ ਦਾ ਅੰਦਾਜ਼, ਉਸ ਦੀ ਆਵਾਜ਼ ਅਤੇ ਉਸ ਦੇ ਚਿਹਰੇ ਦੇ ਹਾਵ-ਭਾਵ, ਉਸ ਦੀ ਵੱਖਰੀ ਪਹਿਚਾਣ ਬਣਾਉਂਦੇ। ਜਦੋਂ ਅਸੀਂ ਗੀਤ ‘ਐ ਲਾਲ ਫਰੇਰੇ ਤੇਰੀ ਕਸਮ’, ‘ਦਿੱਲੀ ਦੂਰ ਨਹੀਂ ਹੈ ਯਾਰੋ’, ‘ਛੱਟਾ ਚਾਨਣਾਂ ਦਾ ਦੇਈ ਜਾਣਾ’ ਅਤੇ ‘ਹਮੇਂ ਮਨਜ਼ੂਰ ਨਹੀਂ, ਨਜ਼ਮੇਂ ਗੁਲਿਸਤਾਂ ਬਦਲੋ’ ਅਤੇ ‘ਕੱਖਾਂ ਦੀਏ ਕੁਲੀਏ ਮੀਨਾਰ ਬਣ ਜਾਈਂ’ ਪੇਸ਼ ਕਰਦੇ ਤਾਂ ਸਾਡੀ ਤਿਕੜੀ (ਮੈਂ, ਸੁਖਦੇਵ ਪ੍ਰੀਤ ਤੇ ਸਤਵਿੰਦਰ ਸੋਨੀ) ਇਕ ਦੂਜੇ ਤੋਂ ਵੱਧ ਪ੍ਰਭਾਵਸ਼ਾਲੀ ਅੰਦਾਜ਼ ਨਾਲ ਗੀਤ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ। ਉਦੋਂ ਹੀ ਸਤਵਿੰਦਰ ਸੋਨੀ ਨੇ ਆਪਣੇ ਸ਼ਰਾਰਤੀ ਅੰਦਾਜ਼ ਨਾਲ ਮੈਨੂੰ ਕਹਿਣਾ ਕਿ ‘ਅਸੀਂ ਸੱਤਰ ਬੰਦੇ ਮਾਰੂ ਐਕਸ਼ਨ ਕਰਾਂਗੇ’ ਅਤੇ ਫੇਰ ਅਸੀਂ ਗੀਤ ਬੋਲਦੇ-ਬੋਲਦੇ ਅਜਿਹੀ ਪੁਜੀਸ਼ਨ ਲੈਣੀ ਕਿ ਸਭ ਦਰਸ਼ਕਾਂ ਤੇ ਕੈਮਰਿਆਂ ਦੀਆਂ ਨਜ਼ਰਾਂ ਸਾਡੇ ’ਤੇ ਫੋਕਸ ਹੋ ਜਾਣੀਆਂ। ਸਤਵਿੰਦਰ ਸੋਨੀ ਹਮੇਸ਼ਾਂ ਕੁਝ ਨਵਾਂ ਸਿਰਜਣ ਦੀ ਕੋਸ਼ਿਸ਼ ਕਰਦਾ। ਇਨ੍ਹਾਂ ਐਕਸ਼ਨ ਗੀਤਾਂ ਵਿਚ ਵੀ ਸਤਵਿੰਦਰ ਸੋਨੀ ਨੇ ਰੂਸੀ ਇਨਕਲਾਬ ਦੀਆਂ ਤਸਵੀਰਾਂ ਦੀਆਂ ਬਾਡੀ ਪੁਜੀਸ਼ਨਾਂ ਨੂੰ ਸਟੱਡੀ ਕਰ ਕੇ ਅਦਾਕਾਰੀ ਵਿਚ ਵਰਤਿਆ ਸੀ।
ਉਸ ਦੇ ਆਲੇ-ਦੁਆਲੇ ਨਵੇਂ-ਨਵੇਂ ਸਿਖਾਂਦਰੂ ਕਲਾਕਾਰਾਂ ਦੀ ਭੀੜ ਲੱਗੀ ਰਹਿੰਦੀ। ਕੋਈ ਉਸ ਕੋਲੋਂ ਨੁੱਕੜ ਨਾਟਕ ਲਿਖਵਾ ਰਿਹਾ ਹੁੰਦਾ ਤੇ ਕੋਈ ਉਸ ਤੋਂ ਨਾਟਕਾਂ ਦੇ ਗੀਤ ਲਿਖਵਾ ਰਿਹਾ ਹੁੰਦਾ। ਮੇਰੇ ਵੀ ਕਈ ਨਾਟਕਾਂ ਦੇ ਗੀਤ ਉਸ ਨੇ ਲਿਖੇ। ਉਸ ਨੂੰ ਆਪਣੇ ਤੋਂ ਵੱਡਿਆਂ ਤੇ ਛੋਟਿਆਂ ਦੀ ਇੱਜ਼ਤ ਕਰਨੀ ਆਉਂਦੀ ਸੀ। ਇਸੇ ਲਈ ਉਸ ਨੂੰ ਰੰਗਮੰਚ ਦੇ ਕੰਮਾਂ ਵਿਚ ਹੀ ਸਕੂਨ ਮਿਲਦਾ ਸੀ। ਇਸੇ ਲਈ ਉਸ ਨੇ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤੀ ਲੈ ਲਈ ਤੇ ਨਾਟਕ ਲਿਖਦਾ-ਖੇਡਦਾ ਰਿਹਾ। ਉਸ ਨੇ ਪੰਜਾਬ ਨਾਟਸ਼ਾਲਾ ਦੀ ਪ੍ਰੋਡਕਸ਼ਨ ‘ਫਾਸਲੇ’ ਦੇ 150 ਤੋਂ ਵੱਧ ਸ਼ੋਅ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਨੂੰ ਸਮਰਪਿਤ ਵੱਡ ਅਕਾਰੀ ਨਾਟਕ ‘ਜਿੱਥੇ ਬਾਬਾ ਪੈਰ ਧਰੇ’ ਲਿਖਿਆ। ਉਹ ਗੁਰਸ਼ਰਨ ਸਿੰਘ ਭਾਅ ਜੀ ਦਾ ਚੰਡਿਆ ਤੇ ਰੰਗਿਆ ਸ਼ਾਗਿਰਦ ਸੀ। ਇਸੇ ਲਈ ਉਸ ਦੇ ਸੀਨੇ ’ਚ ਲੋਕਾਈ ਦਾ ਦਰਦ ਸੀ ਜੋ ਉਸ ਦੇ ਨਾਟਕਾਂ ਰਾਹੀਂ ਬੁਲੰਦ ਆਵਾਜ਼ ਵਿਚ ਪੇਸ਼ ਹੁੰਦਾ। ਉਸ ਨੇ ਅਜੇ ਹੋਰ ਵੀ ਕਈ ਨਾਟਕਾਂ ਦੀ ਸਿਰਜਣਾ ਕਰਨੀ ਸੀ, ਕਈ ਗੀਤ ਲਿਖਣੇ ਸੀ, ਪਰ ਉਸ ਦੀ ਸਰੀਰਕ ਬਿਮਾਰੀ ਨੇ ਅਜਿਹਾ ਨਹੀਂ ਕਰਨ ਦਿੱਤਾ।
ਇਸੇ ਲਈ ਉਹ ਲੰਮੀ ਬਿਮਾਰੀ ਨਾਲ ਜੂਝਦਾ, ਪਰ ਆਖ਼ਰੀ ਪਲਾਂ ਤੱਕ ਵੀ ਕੁਝ ਨਵਾਂ ਸਿਰਜਣ ਦੇ ਸੁਪਨੇ ਮਨ ਵਿਚ ਲਈ ਸਾਥੋਂ ਸਦਾ ਲਈ ਵਿੱਛੜ ਗਿਆ। ਉਹ ਬੇਸ਼ੱਕ ਵਿਛੜ ਗਿਆ, ਪਰ ਆਪਣੀ ਕਲਾ, ਆਪਣੀਆਂ ਨਾਟਕੀ ਲਿਖਤਾਂ ਰਾਹੀਂ ਉਹ ਹਮੇਸ਼ਾਂ ਸਾਡੇ ਵਿਚਕਾਰ ਰਹੇਗਾ। ਅਲਵਿਦਾ ਮਿੱਤਰ ਪਿਆਰਿਆ।
ਸੰਪਰਕ: 98142-99422