ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਜੁਲਾਈ
ਪੰਜਾਬ ਸਰਕਾਰ ਦੀ ਸਰਪ੍ਰਸਤੀ ਵਿੱਚ ਚਲ ਰਹੇ ਅਦਾਰੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਈਅਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਮੌਕੇ ਹੀਰ ਵਾਰਿਸ ਸ਼ਾਹ ਗਾਇਨ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਕਲਾ ਪਰਿਸ਼ਦ ਦੇ ਚੈਅਰਮੈਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਹਰ ਕੌਮ ਨੂੰ ਆਪਣੇ ਸੁਖਨਵਰਾਂ ਅਤੇ ਕਲਾਕਾਰਾਂ ਨੂੰ ਯਾਦ ਵੀ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਜੀਵਨ ਅਤੇ ਲਿਖਤਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਵੀ ਚਾਹੀਦਾ ਹੈ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਗਾਇਨ ਮੁਕਾਬਲਾ ਕਰਵਾਉਣ ਦੀ ਜ਼ਿੰਮੇਵਾਰੀ ਪ੍ਰੋ. ਨਿਰਮਲ ਜੌੜਾ ਨੂੰ ਸੌਂਪੀ ਗਈ ਹੈ, ਜੋ ਇਸ ਪ੍ਰੋਗਰਾਮ ਦੇ ਕਨਵੀਨਰ ਹੋਣਗੇ। ਪ੍ਰੋ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 35 ਸਾਲ ਉਮਰ ਤੱਕ ਦਾ ਕੋਈ ਵੀ ਗਾਇਕ ਜਾਂ ਗਇਕਾ ਭਾਗ ਲੈ ਸਕਦਾ ਹੈ। ਉਸ ਵੱਲੋਂ 31 ਜੁਲਾਈ ਤੱਕ ਹੀਰ ਵਾਰਿਸ ਸ਼ਾਹ ਵਿੱਚੋਂ ਕੁੱਝ ਚੋਣਵੇਂ ਬੰਦ ਲੈਕੇ ਰਿਕਾਰਡ ਕੀਤੀ ਵੀਡੀਓ ਪੰਜਾਬ ਕਲਾ ਪਰਿਸ਼ਦ ਨੂੰ ਭੇਜਣੀ ਪਵੇਗੀ ਜੋ ਵੱਧ ਤੋਂ ਵੱਧ ਪੰਜ ਮਿੰਟ ਤੱਕ ਦੀ ਹੋਵੇ। ਇਨ੍ਹਾਂ ਵੀਡੀਓ ਵਿੱਚੋਂ 10 ਗਾਇਕਾਂ ਨੂੰ ਚੁਣਿਆ ਜਾਵੇਗਾ, ਜੋ ਵੱਡੇ ਸਮਾਗਮ ਦੌਰਾਨ ਪੇਸ਼ਕਾਰੀ ਦੇਣਗੇ। ਪੰਜਾਬ ਕਲਾ ਪਰਿਸ਼ਦ ਵੱਲੋਂ ਚੁਣੇ ਹੋਏ ਗਾਇਕਾਂ ਨੂੰ ਸਨਮਾਨਿਆ ਜਾਵੇਗਾ।