ਬੰਗਲੂਰੂ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦਾ ‘ਡਿਜੀਟਲ ਇੰਡੀਆ’ ਪ੍ਰੋਗਰਾਮ ਲੋਕਾਂ ਦੀ ਜੀਵਨ ਸ਼ੈਲੀ ਬਣ ਗਿਆ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਦੀ ਜੋ ਗਰੀਬ ਤੇ ਹਾਸ਼ੀਏ ’ਤੇ ਹਨ ਅਤੇ ਜਿਹੜੇ ਸਰਕਾਰ ਵਿੱਚ ਹਨ। ਸ੍ਰੀ ਮੋਦੀ ਵਰਚੁਅਲ ਕਾਨਫਰੰਸ ਜ਼ਰੀਏ ਤਿੰਨ ਰੋਜ਼ਾ ਬੰਗਲੂਰੂ ਟੈੱਕ ਸਮਿਟ ਦਾ ਉਦਘਾਟਨ ਕਰਨ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਾਡਲ ‘ਤਕਨੀਕ ਪਹਿਲਾਂ’ ਹੈ ਅਤੇ ਇਸ ਦੇ ਇਸਤੇਮਾਲ ਨਾਲ ਲੋਕਾਂ ਦੇ ਜੀਵਨ ਵਿੱਚ ਵੱਡੇ ਪੱਧਰ ’ਤੇ ਬਦਲਾਅ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਹੈ ਜਦੋਂ ਭਾਰਤ ਵਿੱਚ ਵਿਕਸਤ ਤਕਨੀਕੀ ਉਪਾਆਂ ਨੂੰ ਕੁੱਲ ਆਲਮ ਵਿੱਚ ਵਰਤੋਂ ’ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਸੂਚਨਾ ਦੇ ਇਸ ਯੁੱਗ ਵਿੱਚ ਬਹੁਤ ਚੰਗੀ ਪੁਜ਼ੀਸ਼ਨ ਵਿੱਚ ਹੋਣ ਦੇ ਨਾਲ ਹੋਰਨਾਂ ਮੁਲਕਾਂ ਦੇ ਮੁਕਾਬਲੇ ਅੱਗੇ ਹੈ। -ਪੀਟੀਆਈ