ਗੁਰਿੰਦਰ ਸਿੰਘ
ਲੁਧਿਆਣਾ, 26 ਦਸੰਬਰ
ਕਚਹਿਰੀ ਬੰਬ ਧਮਾਕੇ ਸਬੰਧੀ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਮੁਲਜ਼ਮ ਗਗਨਦੀਪ ਸਿੰਘ ਦੀ ਜਾਣਕਾਰ ਮਹਿਲਾ ਪੁਲੀਸ ਮੁਲਾਜ਼ਮ ਨੇ ਕਈ ਭੇਦ ਖੋਲ੍ਹੇ ਹਨ। ਸੂਤਰਾਂ ਅਨੁਸਾਰ ਮਹਿਲਾ ਮੁਲਾਜ਼ਮ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਅਕਸਰ ਲੜਾਈ-ਝਗੜਾ ਰਹਿੰਦਾ ਸੀ, ਜਿਸ ਕਾਰਨ ਉਸ ਦੀ ਗਗਨਦੀਪ ਸਿੰਘ ਨਾਲ ਨੇੜਤਾ ਵਧ ਗਈ। ਉਹ ਅਕਸਰ ਆਪਸ ਵਿੱਚ ਮਿਲਦੇ ਰਹਿੰਦੇ ਸਨ। ਇਸ ਬਾਰੇ ਗਗਨਦੀਪ ਦੇ ਘਰ ਵਾਲਿਆਂ ਨੂੰ ਜਾਣਕਾਰੀ ਨਹੀਂ ਸੀ। ਪੁਲੀਸ ਵੱਲੋਂ ਮੁਲਜ਼ਮ ਦੇ ਤਿੰਨ ਮਹੀਨੇ ਦੀਆਂ ਫੋਨ ਕਾਲਾਂ ਦੇ ਵੇਰਵਾ ਵੀ ਪ੍ਰਾਪਤ ਕੀਤੇ ਜਾ ਰਹੇ ਹਨ।
ਜਾਂਚ ਏਜੰਸੀਆਂ ਗਗਨਦੀਪ ਸਿੰਘ ਦੇ ਜੇਲ੍ਹ ਅੰਦਰਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀਆਂ ਵੱਲੋਂ ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਦੇਸ਼ ਵਿਰੋਧੀ ਤਾਕਤਾਂ ਨੇ ਮਿਲ ਕੇ ਕੀਤਾ ਹੈ। ਪੰਜਾਬ ਪੁਲੀਸ ਅਤੇ ਹੋਰ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਰਣਜੀਤ ਸਿੰਘ ਚੀਤਾ ਅਤੇ ਸੁਖਵਿੰਦਰ ਸਿੰਘ ਬਾਕਸਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਗਗਨਦੀਪ ਦੀ ਲੁਧਿਆਣਾ ਜਾਣ ਤੋਂ ਪਹਿਲਾਂ ਦੀ ਸਰਗਰਮੀ ਜਾਨਣ ਲਈ ਵੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ। ਏਜੰਸੀਆਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਧਮਾਕੇ ਵਾਲੇ ਦਿਨ ਲੁਧਿਆਣਾ ਜਾਣ ਤੋਂ ਪਹਿਲਾਂ ਮੁਲਜ਼ਮ ਗਗਨਦੀਪ ਅਤੇ ਮਹਿਲਾ ਕਾਂਸਟੇਬਲ ਆਪਸ ਵਿੱਚ ਮਿਲੇ ਸਨ ਅਤੇ 5-6 ਘੰਟੇ ਉਨ੍ਹਾਂ ਇਕੱਠੇ ਹੀ ਗੁਜ਼ਾਰੇ ਸਨ।
ਗਗਨਦੀਪ ਦੀ ਪਤਨੀ ਨੇ ਪੁੱਛ-ਪੜਤਾਲ ਦੌਰਾਨ ਕਈ ਖੁਲਾਸੇ ਕੀਤੇ ਹਨ। ਉਸ ਨੇ ਪੁਲੀਸ ਨੂੰ ਦੱਸਿਆ ਕਿ ਗਗਨਦੀਪ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਉਹ ਉਸ ਨੂੰ ਆਪਣੀਆਂ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ ਸੀ। ਪੁਲੀਸ ਵੱਲੋਂ ਜਾਂਚ ਪੜਤਾਲ ਦੌਰਾਨ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਗਗਨਦੀਪ ਸਿੰਘ ਲੁਧਿਆਣਾ ਜਾਣ ਤੋਂ ਪਹਿਲਾਂ ਪਤਨੀ ਅਤੇ ਬੇਟੀ ਨੂੰ ਲੈ ਕੇ ਕਿਤੇ ਗਿਆ ਸੀ। ਉੱਥੋਂ ਜਾਂਦੇ ਹੋਏ ਉਸ ਨੇ ਦੱਸਿਆ ਸੀ ਕਿ ਉਹ ਲੁਧਿਆਣਾ ਜਾ ਰਿਹਾ ਹੈ ਅਤੇ ਵਕੀਲ ਨੂੰ ਮਿਲਣ ਤੋਂ ਬਾਅਦ ਉਹ ਵਿਹਲਾ ਹੋ ਕੇ ਘਰ ਆ ਜਾਏਗਾ। ਜੇ ਉਸ ਨੂੰ ਕਿਸੇ ਕੰਮ ਲਈ ਬਾਹਰ ਜਾਣਾ ਪਿਆ ਤਾਂ ਉਹ 2-4 ਦਿਨ ਬਾਅਦ ਵਾਪਸ ਆਵੇਗਾ।
ਲੁਧਿਆਣਾ ਜਾਣ ਤੋਂ ਪਹਿਲਾਂ ਗਗਨਦੀਪ ਨੇ ਆਪਣੀ ਐਕਟਿਵਾ ਥਾਣਾ ਸਿਟੀ-ਦੋ ਦੇ ਬਾਹਰ ਖੜ੍ਹੀ ਕੀਤੀ ਸੀ। ਉੱਥੋਂ ਉਹ ਲੁਧਿਆਣਾ ਕਿਵੇਂ ਗਿਆ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ। ਪੁਲੀਸ ਨੇ ਐਕਟਿਵਾ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮ ਗਗਨਦੀਪ ਸਿੰਘ ਦਾ ਖੰਨਾ ਵਿੱਚ ਸਸਕਾਰ
ਲੁਧਿਆਣਾ ਬੰਬ ਧਮਾਕੇ ਵਿੱਚ ਮਾਰੇ ਗਏ ਮੁਲਜ਼ਮ ਗਗਨਦੀਪ ਸਿੰਘ ਦਾ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਸਕਾਰ ਕਰ ਦਿੱਤਾ ਗਿਆ। ਬੀਤੇ ਦਿਨ ਸਿਵਸ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਖੰਨਾ ਲਿਜਾ ਕੇ ਸਸਕਾਰ ਕੀਤਾ ਗਿਆ। ਖੰਨਾ ਪੁਲੀਸ ਗਗਨਦੀਪ ਸਿੰਘ ਦੇ ਪੂਰੇ ਪਰਿਵਾਰ ਨੂੰ ਆਪਣੀ ਹਿਰਾਸਤ ’ਚ ਸ਼ਮਸ਼ਾਨਘਾਟ ਲੈ ਕੇ ਆਈ ਅਤੇ ਉਸ ਦੇ ਭਰਾ ਪ੍ਰੀਤਮ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਸਸਕਾਰ ਮੌਕੇ ਸਿਰਫ਼ ਪਰਿਵਾਰਕ ਮੈਂਬਰ ਹੀ ਹਾਜ਼ਰ ਹੋਏ। ਇਲਾਕੇ ਦੇ ਲੋਕਾਂ ਨੇ ਆਪਣੇ ਆਪ ਨੂੰ ਇਸ ਤੋਂ ਦੂਰ ਰੱਖਿਆ।
ਰਾਣੂੰ ਦੇ ਭਰਾ ਇਕਬਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ
ਖੰਨਾ ਪੁਲੀਸ ਵੱਲੋਂ ਪਾਇਲ ਇਲਾਕੇ ਦੇ ਵੱਡੇ ਨਸ਼ਾ ਤਸਕਰ ਅਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਗੁਰਦੀਪ ਰਾਣੂੰ ਦੇ ਚਚੇਰੇ ਭਰਾ ਇਕਬਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਕਬਾਲ ਦੇ ਜ਼ਰੀਏ ਹੀ ਗਗਨਦੀਪ ਨਸ਼ਾ ਸਪਲਾਈ ਕਰਦਾ ਸੀ ਅਤੇ ਉਸ ਨੂੰ ਵੀ ਬੰਬ ਧਮਾਕੇ ਬਾਰੇ ਕੋਈ ਜਾਣਕਾਰੀ ਹੋ ਸਕਦੀ ਹੈ। ਉਹ ਗਗਨਦੀਪ ਨਾਲ ਹੀ ਲੁਧਿਆਣਾ ਜੇਲ੍ਹ ’ਚ ਬੰਦ ਸੀ। ਸੂਤਰਾਂ ਅਨੁਸਾਰ ਗਗਨਦੀਪ ਸਿੰਘ ਦੇ ਨਾਲ ਇੱਕ ਹੋਰ ਪੁਲੀਸ ਮੁਲਾਜ਼ਮ ਨਾਲ ਵੀ ਸਾਂਝ ਦੱਸੀ ਜਾ ਰਹੀ ਹੈ, ਜੋ ਜੇਲ੍ਹ ਵਿੱਚ ਕਿਸੇ ਹੋਰ ਮਾਮਲੇ ਵਿੱਚ ਬੰਦ ਸੀ। ਉਸ ਨਾਲ ਵੀ ਗਗਨਦੀਪ ਦੀ ਚੰਗੀ ਸਾਂਝ ਸੀ। ਉਹ ਅਕਸਰ ਉਸ ਨੂੰ ਮਿਲਣ ਥਾਣਾ ਸਦਰ ਤੇ ਖੰਨਾ ਥਾਣਾ ਸਿਟੀ-ਦੋ ਵਿੱਚ ਮਿਲਣ ਲਈ ਆਉਂਦਾ-ਜਾਂਦਾ ਸੀ। ਪੁਲੀਸ ਨੇ ਉਕਤ ਮੁਲਾਜ਼ਮ ਨੂੰ ਵੀ ਪੁਛਗਿੱਛ ਲਈ ਹਿਰਾਸਤ ’ਚ ਲਿਆ ਹੈ। ਉਸ ਕੋਲੋਂ ਵੀ ਪੁਲੀਸ ਬਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।