ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜਨਵਰੀ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਈਡੀ ਦੀ ਦੁਰਵਰਤੋਂ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਈਡੀ ਵੱਲੋਂ ‘ਆਪ’ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਭਾਜਪਾ ਨੂੰ ਪਤਾ ਲੱਗਦਾ ਹੈ ਕਿ ਉਹ ਹਾਰ ਰਹੀ ਹੈ ਤਾਂ ਉਹ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਕੰਮ ’ਤੇ ਲਗਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਜੈਨ ’ਤੇ ਪਹਿਲਾਂ ਵੀ ਦੋ ਵਾਰ ਛਾਪੇ ਮਰਵਾਏ ਹਨ ਪਰ ਕੁਝ ਨਹੀਂ ਮਿਲਿਆ। ਕੇਜਰੀਵਾਲ ਨੇ ਕਿਹਾ, ‘‘ਈਡੀ ਤੋਂ ਇਲਾਵਾ ਭਾਜਪਾ ਦੀ ਕੇਂਦਰ ਸਰਕਾਰ ਸੀਬੀਆਈ, ਇਨਕਮ ਟੈਕਸ ਤੇ ਦਿੱਲੀ ਪੁਲੀਸ ਸਮੇਤ ਸਾਰੀਆਂ ਏਜੰਸੀਆਂ ਨੂੰ ਵੀ ਭੇਜ ਸਕਦੀ ਹੈ। ਅਸੀਂ ਨਾ ਜੇਲ੍ਹ ਜਾਣ ਤੋਂ ਡਰਦੇ ਹਾਂ ਤੇ ਨਾ ਹੀ ਛਾਪਿਆਂ ਤੋਂ। ਅਸੀਂ ਚੰਨੀ ਵਾਂਗ ਰੋਵਾਂਗੇ ਨਹੀਂ। ਚੰਨੀ ਨੇ ਗਲਤ ਕੰਮ ਕੀਤੇ ਹਨ ਤੇ ਉਨ੍ਹਾਂ ਦੀਆਂ ਗ਼ਲਤੀਆਂ ਫੜੀਆਂ ਗਈਆਂ ਹਨ। ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਇਸ ਲਈ ਸਾਨੂੰ ਕੋਈ ਡਰ ਨਹੀਂ ਹੈ।
ਸਚਾਈ ਦੇ ਰਾਹ ’ਤੇ ਅਜਿਹੀਆਂ ਰੁਕਾਵਟਾਂ ਆਉਂਦੀਆਂ ਹੀ ਹਨ।’’ ਉਨ੍ਹਾਂ ਭਾਜਪਾ ਤੇ ਕੇਂਦਰ ਸਰਕਾਰ ਨੂੰ ਕਿਹਾ, ‘‘ਤੁਸੀਂ ਆਪਣੀਆਂ ਸਾਰੀਆਂ ਏਜੰਸੀਆਂ ਭੇਜੋ, ਅਸੀਂ ਤਿਆਰ ਹਾਂ।’’ ਉਨ੍ਹਾਂ ਕਿਹਾ ਕਿ ਜਦੋਂ ਈਡੀ ਦੇ ਅਧਿਕਾਰੀ ਨੋਟਾਂ ਦੇ ਮੋਟੇ ਬੰਡਲ ਗਿਣ ਰਹੇ ਸਨ ਤਾਂ ਲੋਕ ਦੇਖ ਰਹੇ ਸਨ। ਪੰਜਾਬ ਦੇ ਲੋਕ ਹੈਰਾਨ ਸਨ ਕਿ ਉਨ੍ਹਾਂ ਨੇ 111 ਦਿਨਾਂ ਦੇ ਅੰਦਰ ਕੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ’ਤੇ ਵੀ ਛਾਪਾ ਮਾਰਿਆ ਗਿਆ ਹੈ। 21 ਵਿਧਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅਦਾਲਤ ਨੇ ਸਾਰੇ ਕੇਸ ਰੱਦ ਕਰ ਦਿੱਤੇ ਹਨ। ਜੈਨ ਦੇ ਮਾਮਲੇ ’ਚ ਵੀ ਇਵੇਂ ਹੀ ਹੋਵੇਗਾ। ਉਹ ਉਸ ਨੂੰ ਗ੍ਰਿਫ਼ਤਾਰ ਕਰ ਲੈਣਗੇ ਅਤੇ 5-10 ਦਿਨਾਂ ਵਿੱਚ ਉਸ ਨੂੰ ਜ਼ਮਾਨਤ ਮਿਲ ਜਾਵੇਗੀ।
‘ਕੇਂਦਰੀ ਏਜੰਸੀਆਂ ਦਾ ਹੱਸ ਕੇ ਸਵਾਗਤ ਕਰਾਂਗੇ’
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਨ੍ਹਾਂ ’ਤੇ ਪਹਿਲਾਂ ਵੀ ਕਈ ਵਾਰ ਛਾਪੇ ਮਾਰੇ ਜਾ ਚੁੱਕੇ ਹਨ। ਉਨ੍ਹਾਂ ਨੂੰ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ, ‘‘ਸਿਰਫ ਜੈਨ ਹੀ ਕਿਉਂ ਹੋਰਨਾਂ ਕੋਲ ਵੀ ਕੇਂਦਰੀ ਏਜੰਸੀਆਂ ਭੇਜੋ। ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਕੋਲ ਵੀ ਭੇਜੋ। ਜਿਸ ਨੂੰ ਗ੍ਰਿਫ਼ਤਾਰ ਕਰਨਾ ਹੈ ਕਰ ਲਓ। ਜਦੋਂ ਏਜੰਸੀਆਂ ਆਉਣਗੀਆਂ ਅਸੀਂ ਉਨ੍ਹਾਂ ਦਾ ਹੱਸ ਕੇ ਸਵਾਗਤ ਕਰਾਂਗੇ।’’
‘ਆਪ’ ਨੂੰ ਘੇਰਨ ਦੀ ਤਿਆਰੀ ਕਰ ਰਹੀ ਕੇਂਦਰ ਸਰਕਾਰ: ਜੈਨ
ਗਗਨਦੀਪ ਅਰੋੜਾ
ਲੁਧਿਆਣਾ, 23 ਜਨਵਰੀ
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲੁਧਿਆਣਾ ਪਹੁੰਚੇ ਦਿੱਲੀ ਦੇ ਸਨਅਤ ਅਤੇ ਸਿਹਤ ਵਿਭਾਗ ਦੇ ਮੰਤਰੀ ਸਤੇਂਦਰ ਜੈਨ ਦੇ ਕਿਹਾ ਕਿ ਹੁਣ ਈਡੀ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਪਰ ਉਹ ਈਡੀ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ। ਅੱਜ ਉਹ ਹਲਕਾ ਦਾਖਾ ’ਚ ‘ਆਪ’ ਉਮੀਦਵਾਰ ਡਾ. ਕੇਐੱਨਐੱਸ ਕੰਗ ਦੇ ਹੱਕ ’ਚ ਚੋਣ ਪ੍ਰਚਾਰ ਕਰ ਰਹੇ ਸਨ।
ਸਤੇਂਦਰ ਜੈਨ ਨੇ ਕਿਹਾ ਕਿ ਪੰਜਾਬ ਚੋਣਾਂ ਦੇ ਮੱਦੇਨਜ਼ਰ ਹੁਣ ਕੇਂਦਰ ਸਰਕਾਰ ‘ਆਪ’ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਹੀ ਹੈ, ਜਿਸ ਦੇ ਆਧਾਰ ’ਤੇ ਦਿੱਲੀ ਦੇ ਸਿਹਤ ਮੰਤਰੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਈਡੀ ਦੀਆਂ ਟੀਮਾਂ ਮੁੜ ਉਨ੍ਹਾਂ ਖ਼ਿਲਾਫ਼ ਛਾਪਾ ਮਾਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਅੱਜ ਇਸ ਸਬੰਧ ’ਚ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਪੰਜਾਬ ਚੋਣਾਂ ਦੌਰਾਨ ਵੀ ਈਡੀ ਨੇ ਉਨ੍ਹਾਂ ਖ਼ਿਲਾਫ਼ ਛਾਪਾ ਮਾਰਿਆ ਸੀ ਤੇ ਉਦੋਂ ਵੀ ਈਡੀ ਨੂੰ ਕੁਝ ਨਹੀਂ ਸੀ ਮਿਲਿਆ। ਇਸ ਵਾਰ ਵੀ ਈਡੀ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਦੀ ਯੋਜਨਾ ਬਣਾ ਰਹੀ ਹੈ। ਸਤੇਂਦਰ ਜੈਨ ਨੇ ਲੁਧਿਆਣਾ ’ਚ ਵੱਖ-ਵੱਖ ਹਲਕਿਆਂ ’ਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਪੰਜਾਬ ਵਿੱਚ ਮਿਲ ਕੇ ਚੋਣਾਂ ਲੜ ਰਹੀਆਂ ਹਨ। ਇਸ ਕਰਕੇ ਉਹ ਚੋਣਾਂ ਵਿੱਚ ‘ਆਪ’ ਨੂੰ ਨਿਸ਼ਾਨਾ ਬਣਾ ਰਹੇ ਹਨ।