ਅਹਿਮਦਾਬਾਦ, 12 ਮਾਰਚ
ਭਾਰਤ ਅਤੇ ਇੰਗਲੈਂਡ ਵਿਚਾਲੇ ਪੰੰਜ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 1-0 ਦੀ ਲੀਡ ਲੈ ਲਈ ਹੈ। ਇੰਗਲੈਂਡ ਨੇ 125 ਦੌੜਾਂ ਦਾ ਟੀਚਾ ਸਿਰਫ ਦੋ ਵਿਕਟਾਂ ਗੁਆਉਂਦਿਆਂ 15.3 ਓਵਰਾਂ ’ਚ ਹੀ ਹਾਸਲ ਕਰ ਲਿਆ। ਇੰਗਲੈਂਡ ਵੱਲੋਂ ਜੇਸਨ ਰੌਏ ਨੇ 49, ਜੋਸ ਬਟਲਰ ਨੇ 28 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਡੇਵਿਡ ਮਲਾਨ 24 ਅਤੇ ਜੌਨੀ ਬੇਅਰਸਟੋਅ 26 ਦੌੜਾਂ ਬਣਾ ਕੇ ਨਾਬਾਦ ਰਹੇ। ਭਾਰਤ ਵੱਲੋਂ ਯੁਜਵੇਂਦਰ ਚਾਹਲ ਤੇ ਵਸ਼ਿੰਗਟਨ ਸੁੰਦਰ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਇੱੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ’ਚ 7 ਵਿਕਟਾਂ ਗੁਆ ਕੇ 124 ਦੌੜਾਂ ਬਣਾ ਕੇ ਇੰਗਲੈਂਡ ਦੀ ਟੀਮ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਵੱਲੋਂ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ 21 ਜਦਕਿ ਹਾਰਦਿਕ ਪਾਂਡਿਆ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਬਾਕੀ ਕੋਈ ਵੀ ਭਾਰਤੀ ਬੱਲੇਬਾਜ਼ ਦਹਾਈ ਦੇ ਅੰਕੜੇ ਤਕ ਨਾਲ ਪਹੁੰਚ ਸਕਿਆ। ਕਪਤਾਨ ਵਿਰਾਟ ਕੋਹਲੀ ਬਿਨਾਂ ਖਾਤਾ ਖੋਲ੍ਹਿਆਂ ਹੀ ਪਵੈਲੀਅਨ ਪਰਤ ਗਿਆ। ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਅਦੀਲ ਰਾਸ਼ਿਦ, ਮਾਰਕ ਵੁੱਡ, ਕ੍ਰਿਸ ਜੌਰਡਨ ਤੇ ਬੇਨ ਸਟੋਕਸ ਨੂੰ ਇੱਕ-ਇੱਕ ਵਿਕਟ ਮਿਲੀ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਪਹਿਲਾਂ ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀਸੀਏ) ਵੱਲੋਂ ਮੈਚ ਦੇਖਣ ਲਈ 50 ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ ’ਚ ਜਾਣ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ। -ਪੀਟੀਆਈ