ਬਲਦੇਵ ਸਿੰਘ (ਸੜਕਨਾਮਾ)
ਮਨਮੋਹਨ ਬਾਵਾ ਕਹਾਣੀ ਲਿਖ ਰਿਹਾ ਹੋਵੇ, ਨਾਵਲ ਲਿਖ ਰਿਹਾ ਹੋਵੇ ਜਾਂ ਆਪਣੀਆਂ ਯਾਤਰਾਵਾਂ ਦੇ ਸੰਸਮਰਣ, ਉਸ ਦੀ ਰਚਨਾ ਵਿਚ ਇਤਿਹਾਸ, ਮਿਥਿਹਾਸ ਅਤੇ ਭੂਗੋਲਿਕ ਵੇਰਵਾ ਸਹਿਜ ਰੂਪ ਵਿਚ ਹੀ ਸ਼ਾਮਲ ਹੁੰਦਾ ਹੈ। ਇਸ ਦਾ ਸਬੱਬ ਵੀ ਹੈ। ਉਸ ਨੂੰ ਚਿੱਤਰਕਾਰੀ ਕਰਨ ਅਤੇ ਘੁੰਮਣ-ਫਿਰਨ ਦਾ ਸ਼ੌਕ ਵੀ ਜਨੂੰਨ ਦੀ ਹੱਦ ਤੱਕ ਹੈ। ਹਥਲੀ ਰਚਨਾ ‘ਪ੍ਰਕਿਰਤੀ ਦੇ ਰੰਗ ਹਜ਼ਾਰ’ (ਕੀਮਤ: 275 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਨੂੰ ਮਨਮੋਹਨ ਬਾਵਾ ਨੇ ਨਾਵਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਪੀਰ ਪੰਜਾਲ ਪਰਬਤ, ਪਾਂਗ ਵਾਦੀ ਤੇ ਹੋਰ ਥਾਵਾਂ ਦੀ ਪ੍ਰਕਿਰਤੀ ਦਾ ਖ਼ੂਬਸੂਰਤ ਵਰਣਨ ਵੀ ਹੈ।
ਨਾਵਲ ਦੀ ਸ਼ੁਰੂਆਤ ਹੀ ਯਾਤਰਾ ਤੋਂ ਹੁੰਦੀ ਹੈ। ਨਾਵਲ ਦਾ ਨਾਇਕ ਜਿਸ ਦਾ ਭੁਲੇਖਾ ਲੇਖਕ ਦਾ ਹੀ ਪੈਂਦਾ ਹੈ, ਚੰਬੇ ਤੋਂ ਟਿਕਟ ਲੈ ਕੇ ਬੱਸ ਵਿਚ ਬੈਠਦਾ ਹੈ। ਅਮਰ ਨਾਮ ਦਾ ਇਹ ਪਾਤਰ ਪਾਠਕਾਂ ਦੀ ਜਾਣਕਾਰੀ ਲਈ ਰਸਤਿਆਂ ਦੀ ਨਿਸ਼ਾਨਦੇਹੀ ਕਰਦਾ ਜਾਂਦਾ ਹੈ। ਪਹਾੜੀ ਲੋਕਾਂ ਦੀ ਬੋਲਚਾਲ, ਪਹਿਰਾਵਾ, ਉਨ੍ਹਾਂ ਦੇ ਰਸਮ ਰਿਵਾਜ, ਗੱਦੀ ਅਤੇ ਗੁੱਜਰ ਕਬੀਲੇ ਦੇ ਪਹਾੜੀਆਂ ਦਾ ਜੀਵਨ, ਰੁਜ਼ਗਾਰ ਦੇ ਸਾਧਨ, ਉਨ੍ਹਾਂ ਦੇ ਡੇਰਿਆਂ ਦਾ ਕਲਚਰ, ਔਰਤਾਂ ਦੇ ਹਾਰ-ਸ਼ਿੰਗਾਰ ਤੇ ਨਾਲ-ਨਾਲ ਪਹਾੜੀ ਵਾਦੀ ਦੇ ਉਤਰਾਅ-ਚੜ੍ਹਾਅ, ਖੱਡਾਂ-ਪਹਾੜ, ਨਦੀਆਂ, ਝਰਨੇ, ਕੂਲਾਂ ਲੇਖਕ ਦੀ ਤਿੱਖੀ ਨਜ਼ਰ ਕੁਝ ਵੀ ਅਣਤੱਕਿਆ ਨਹੀਂ ਰਹਿਣ ਦਿੰਦੀ।
ਨਾਵਲ ਦਾ ਨਾਇਕ ਆਪਣੇ ਇਕ ਮਿੱਤਰ ਦੇ ਸੇਬਾਂ ਦੇ ਬਾਗ਼ ਵਿਚ ਕੁਝ ਦਿਨ ਰਹਿਣ ਲਈ ਜਾਂਦਾ ਹੈ। … ਦਿੱਲੀ ਵਰਗੇ ਮਹਾਂਨਗਰਾਂ ਦੀ ਭੀੜ ਅਤੇ ਹੁੰਮਸ ਤੋਂ ਬਚਣ ਲਈ ਇਕਾਂਤਵਾਸ ਹੋ ਕੇ ਸਕੂਨ ਦੀ ਖੋਜ ਵਿਚ ਉਸ ਨੇ ਇਹ ਸਫ਼ਰ ਚੁਣਿਆ ਹੈ। ਇਸ ਤੋਂ ਪਹਿਲਾਂ ਉਹ ਆਪਣੇ ਜੀਵਨ ਦੀ ਪਿਛੋਕੜ ਝਲਕ ਵੀ ਬਿਆਨਦਾ ਹੈ।
ਸੇਬਾਂ ਦੇ ਬਾਗ਼ ਵਿਚ ਪਹੁੰਚ ਕੇ ਬਾਗ਼ ਦੇ ਕਰਿੰਦੇ ਨਾਲ ਗੱਲਾਂ ਕਰਦਿਆਂ ਸੇਬਾਂ ਦੀਆਂ ਕਿਸਮਾਂ ਤੇ ਉਨ੍ਹਾਂ ਦੀ ਸਾਂਭ-ਸੰਭਾਲ ਬਾਰੇ ਤਾਂ ਦੱਸਦਾ ਹੀ ਹੈ, ਜਦ ਬਾਗ਼ ਦੀ ਉੱਜੜੀ ਰਸੋਈ ਵਿਚ ਕਰਿੰਦੇ ਦੀ ਧੀ ਆ ਕੇ ਅੱਗ ਬਾਲਦੀ ਹੈ ਤਾਂ ਬਾਵਾ ਦਾ ਬਿਆਨ ਕਾਬਲੇ-ਤਾਰੀਫ਼ ਹੈ:
…ਅਮਰ ਨੇ ਰਸੋਈ ’ਚੋਂ ਭਾਂਡਿਆਂ ਦੀ ਆਵਾਜ਼ ਅਤੇ ਪਰਾਉਂਠਿਆਂ ਦੀ ਖੁਸ਼ਬੋ ਨੂੰ ਸੁੰਘਦਿਆਂ ਮਨ ਹੀ ਮਨ ਆਖਿਆ, ਜਿਸ ਘਰ ’ਚ ਰਸੋਈ ਅਤੇ ਚੁੱਲ੍ਹਾ ਨਾ ਹੋਵੇ, ਉਹ ਘਰ ਘਰ ਨਹੀਂ। ਜਿਸ ਘਰ ’ਚ ਔਰਤ ਨਾ ਹੋਵੇ, ਚਾਹੇ ਮਾਂ, ਚਾਹੇ ਭੈਣ, ਚਾਹੇ ਬੀਵੀ, ਚਾਹੇ ਕੋਈ ਹੋਰ, ਉਹ ਵੀ ਘਰ ਘਰ ਨਹੀਂ। ਜਿਸ ਮਕਾਨ ’ਚ ਬਾਰੀਆਂ ਨਾ ਹੋਣ, ਜਿਸ ਥਾਣੀਂ ਰੌਸ਼ਨੀ ਨਾ ਆ ਸਕੇ, ਜਿਸ ਕੋਲ ਖੜ੍ਹੇ ਹੋ ਕੇ ਬਾਹਰ ਆਕਾਸ਼ ਵੱਲ ਨਾ ਵੇਖਿਆ ਜਾ ਸਕੇ, ਉਹ ਘਰ ਘਰ ਨਹੀਂ। ਜਿਸ ਮਕਾਨ ’ਚ ਅਪਣੱਤ ਅਤੇ ਪਿਆਰ ਭਰੀਆਂ ਨਜ਼ਰਾਂ ਨਾਲ ਇਕ-ਦੂਜੇ ਵੱਲ ਨਾ ਵੇਖਿਆ ਜਾ ਸਕੇ, ਉਹ ਘਰ ਘਰ ਨਹੀਂ।
ਨਾਵਲ ਦੀ ਕਥਾ ਦੇ ਨਾਇਕ ਨੂੰ ਪ੍ਰਕਿਰਤੀ ਨਾਲ ਇੰਨਾ ਲਗਾਓ ਹੈ ਕਿ ਸੇਬਾਂ ਦੇ ਬਾਗ਼ ਅੰਦਰ ਖਾਲੀ ਜਗ੍ਹਾ ਗੁਡਾਈ ਕਰ ਕੇ ਉਹ ਸਬਜ਼ੀਆਂ ਅਤੇ ਫੁੱਲਾਂ ਦੇ ਬੀਜ ਬੀਜਦਾ ਹੈ। ਮੀਂਹ ਪੈਣ ’ਤੇ ਧਰਤੀ ’ਚੋਂ ਮਿੱਟੀ ਦੀ ਸੁਗੰਧ ਉਸ ਨੂੰ ਸਰਸ਼ਾਰ ਕਰ ਦਿੰਦੀ ਹੈ।
ਲੇਖਕ ਸੁਚੇਤ ਹੋ ਕੇ ਹਰ ਕਾਂਡ ਵਿਚ ਪਾਠਕ ਨੂੰ ਨਵੀਆਂ ਜਾਣਕਾਰੀਆਂ ਦੇਣ ਲਈ ਯਤਨਸ਼ੀਲ ਹੈ। ਹੰਗਰੀ ਦੇਸ਼ ਅਤੇ ਹੂਨ ਕਬੀਲੇ ਬਾਰੇ ਇਕ ਪਹਾੜੀ ਸਹਿਯੋਗੀ ਨਾਲ ਗੱਲ ਕਰਦਿਆਂ ਲੇਖਕ ਦੱਸਦਾ ਹੈ:
– ਤੁਸੀਂ ‘ਹੂਨ’ ਕਬੀਲੇ ਦਾ ਨਾਮ ਸੁਣਿਆ ਹੋਵੇ ਸ਼ਾਇਦ। ਇਹ ਉਹੀ ਕਬੀਲੇ ਹੋਣਗੇ। ‘ਹੰਗਰੀ’ ਦੇਸ਼ ਦਾ ਨਾਂ ਵੀ ‘ਹੂਨ’ ਕਬੀਲੇ ਤੋਂ ਹੀ ਪਿਆ ਏ।
ਵਿਕਾਸ ਦੇ ਨਾਮ ਹੇਠ ਪਹਾੜੀਆਂ ਦੇ ਪਿੰਡਾਂ ਤੇ ਬਾਗ਼ਾਂ ਦੇ ਉਜਾੜੇ ਬਾਰੇ ਚਿੰਤਾ ਕਰਦਿਆਂ ਕਾਰਪੋਰੇਟ ਘਰਾਣਿਆਂ ਅਤੇ ਸੱਤਾ ਦੀਆਂ ਨੀਤੀਆਂ ਉਪਰ ਵੀ ਲੇਖਕ ਨੇ ਉਂਗਲ ਧਰੀ ਹੈ। ਲੇਖਕ ਦੱਸਦਾ ਹੈ: ‘ਸਾਡੇ ਮੁਲਕ ਵਿਚ ਹਰ ਕੰਮ ਲਈ ਸਦੀਆਂ ਤੋਂ ਇਕ ਤਰੀਕਾ ਚਲਦਾ ਆ ਰਿਹਾ ਹੈ। ਰਿਸ਼ਵਤ, ਵਿਰੋਧੀਆਂ ਨੂੰ ਪੈਸੇ ਦੇ ਕੇ ਖ਼ਰੀਦ ਲੈਣਾ। ਫ਼ੌਜ ਦੇ ਸੈਨਾਪਤੀਆਂ ਨੂੰ ਰਿਸ਼ਵਤ ਦੇ ਕੇ ਲੜਾਈਆਂ ਜਿੱਤੀਆਂ ਜਾਂਦੀਆਂ ਰਹੀਆਂ। ਇਲੈਕਸ਼ਨ ਜਿੱਤੇ ਜਾਂਦੇ ਹਨ। ਹੋਰ ਤੇ ਹੋਰ ਦੇਵਤਿਆਂ, ਪਰਮਾਤਮਾ ਨੂੰ ਵੀ ‘ਚੜ੍ਹਾਵੇ’ ਦੀ ਸ਼ਕਲ ’ਚ ਰਿਸ਼ਵਤ ਦਿੱਤੀ ਜਾਂਦੀ ਹੈ ਤਾਂ ਕਿ ਪਰਮਾਤਮਾ ਜਾਂ ਦੇਵਤਾ ਉਨ੍ਹਾਂ ਦੇ ਪੁੱਠੇ ਕੰਮਾਂ ਨੂੰ ਵੀ ਸਿੱਧੇ ਕਰ ਦੇਵੇ।’
ਨਾਵਲ ਨੂੰ ਛੋਟੇ ਛੋਟੇ ਤਿੰਨ ਭਾਗਾਂ ਵਿਚ ਵੰਡਿਆ ਹੋਇਆ ਹੈ। ਕਥਾ ਵਿਚ ਸੁਜਾਤਾ ਦਾ ਪ੍ਰਵੇਸ਼ ਕਹਾਣੀ ਵਿਚ ਰੌਚਿਕਤਾ ਤੇ ਉਤਸੁਕਤਾ ਪੈਦਾ ਕਰਦਾ ਹੈ। ਮੈਂ ਇਸ ਨੂੰ ਪਹਾੜੀ ਸਫ਼ਰ ਦਾ ਗਲਪੀ ਚਿਤਰਣ ਮੰਨਦਾ ਹਾਂ। ਪਾਠਕਾਂ ਲਈ ਨਵਾਂ ਜਾਣਨ ਤੇ ਪਹਾੜੀ ਯਾਤਰਾਵਾਂ ਦੇ ਚਾਹਵਾਨਾਂ ਲਈ ਬੜਾ ਕੁਝ ਸਿੱਖਣ ਲਈ ਹੈ। ਇਹ ਨਾਵਲ ਇਕ ਗਾਈਡ ਵਜੋਂ ਵੀ ਉਨ੍ਹਾਂ ਦੀ ਅਗਵਾਈ ਕਰ ਸਕਦਾ ਹੈ। ਮਨਮੋਹਨ ਬਾਵਾ ਦੀ ਇਹ ਇਕ ਖ਼ੂਬਸੂਰਤ ਤੇ ਮੁੱਲਵਾਨ ਰਚਨਾ ਹੈ।
ਸੰਪਰਕ: 98147-83069