ਖੇਤਰੀ ਪ੍ਰਤੀਨਿਧ
ਬਰਨਾਲਾ, 1 ਨਵੰਬਰ
ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ, ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਆਗੂ ਮੱਘਰ ਸਿੰਘ ਕੁਲਰੀਆਂ ਦੀ ਨੌਵੀਂ ਬਰਸੀ ਮੌਕੇ ਸਥਾਨਕ ਗੁਰਦੁਆਰਾ ਪ੍ਰਗਟਸਰ ਵਿਖੇ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਮਰਹੂਮ ਆਗੂ ਦੀ ਯਾਦ ’ਚ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਫਰੰਟ ਦੇ ਮੌਜੂਦਾ ਸੂਬਾਈ ਪ੍ਰਧਾਨ ਮੇਲਾ ਸਿੰਘ ਕੱਟੂ ਨੇ ਕੁਲਰੀਆਂ ਦੀ ਸ਼ਖ਼ਸੀਅਤ ਅਤੇ ਜਥੇਬੰਦਕ ਘਾਲਣਾ ’ਤੇ ਚਾਨਣਾ ਪਾਇਆ। ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਕੌਮੀ ਆਗੂ ਇੰਜ. ਸੱਜਣ ਕੁਮਾਰ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਜ਼ਮੀਨਾਂ ਹਥਿਆਉਣ ਦਾ ਮੁੱਦਾ ਜਦੋਂ ਅਜੇ ਕਿਸੇ ਵੀ ਕਿਸਾਨ ਜਥੇਬੰਦੀ ਦੇ ਸੰਘਰਸ਼ੀ ਏਜੰਡੇ ’ਤੇ ਨਹੀਂ ਸੀ, ਉਦੋਂ ਸਾਥੀ ਕੁਲਰੀਆਂ ਸੋਚਦਾ ਸੀ ਕਿ ਜੇ ਕਿਸਾਨ ਦੀ ਜ਼ਮੀਨ ਕੰਪਨੀਆਂ ਨੇ ਮੁੱਠੀ ਵਿੱਚ ਕਰ ਲਈ ਤਾਂ ਖੇਤੀ ਅਤੇ ਕਿਸਾਨੀ ਦੀ ਤਬਾਹੀ ਯਕੀਨੀ ਹੋਵੇਗੀ। ਸੱਜਣ ਨੇ ਕਿਹਾ ਕਿ ਖੇਤੀ ਦਾ ਕਾਰਪੋਰੇਟ ਪੂੰਜੀਵਾਦੀ ਮਾਡਲ ਚਲਦੇ ਰਹਿਣ ਤੱਕ ਖੇਤੀ ਸੰਕਟ ਹੱਲ ਹੋਣ ਵਾਲਾ ਨਹੀਂ ਹੈ। ਹਰੇਕ ਦੇ ਯੋਗਦਾਨ ਨਾਲ ਸੰਘਰਸ਼ ਜਾਰੀ ਰੱਖਣਾ ਸਮੇਂ ਦੀ ਅਣਸਰਦੀ ਲੋੜ ਹੈ।