ਸ੍ਰੀਨਗਰ, 6 ਮਈ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਲਸ਼ਕਰ-ਏ-ਤੋਇਬਾ ਦੇ ਮਸ਼ਕੂਕ ਅਤਿਵਾਦੀ ਅਤੇ ਉਸ ਦੇ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਦੀਆਂ ਸਰਗਰਮੀਆਂ ਸਬੰਧੀ ਸੂਚਨਾ ਮਿਲਣ ’ਤੇ ਸੁਰੱਖਿਆ ਬਲਾਂ ਨੇ ਬਾਰਾਮੂਲਾ ਵਿੱਚ ਹਿੱਲਟੌਪ ਚੇਰਾਦਰੀ ਨੇੇੜੇ ਚੌਕੀ ਬਣਾਈ ਹੋਈ ਸੀ। ਚੈਕਿੰਗ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਫੜ ਲਿਆ। ਦੋਵਾਂ ਦੀ ਪਛਾਣ ਆਸ਼ਿਕ ਹੁਸੈਨ ਲੋਨ ਵਾਸੀ ਹੈਦਰ ਮੁਹੱਲਾ ਉਸ਼ਕਾਰਾ ਬਾਰਮੂਲਾ ਅਤੇ ਉਜ਼ੈਰ ਅਮੀਨ ਗਨੀ ਵਾਸੀ ਕੰਠਬਾਗ਼ ਬਾਰਾਮੂਲਾ ਵਜੋਂ ਹੋਈ ਹੈ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ, ਇੱਕ ਪਿਸਤੌਲ, ਮੈਗਜ਼ੀਨ, ਅੱਠ ਜ਼ਿੰਦਾ ਕਾਰਤੂਸ, ਦੋ ਗ੍ਰੇਨੇਡ ਅਤੇ ਦੋ ਗ੍ਰੇਨੇਡ ਲਾਂਚਰ ਸਮੇਤ ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕੀਤੇ ਗਏ ਹਨ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਵੇਂ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਬਾਰਾਮੂਲਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅਤਿਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇਹ ਗ਼ੈਰਕਾਨੂੰਨੀ ਹਥਿਆਰ ਅਤੇ ਗੋਲੀ-ਸਿੱਕਾ ਕੁੱਝ ਵਿਦੇਸ਼ੀ ਅਤਿਵਾਦੀਆਂ ਰਾਹੀਆਂ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਅਤੇ ਜਾਂਚ ਚੱਲ ਰਹੀ ਹੈ। -ਪੀਟੀਆਈ