ਪੀਪੀ ਵਰਮਾ
ਪੰਚਕੂਲਾ, 23 ਜਨਵਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਸੈਕਟਰ-3 ਪੰਚਕੂਲਾ ਵਿੱਚ 36.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਟ ਸੂਚਨਾ ਕਮਿਸ਼ਨ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਭਵਨ ਦਾ ਨਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂ ’ਤੇ ਰੱਖਿਆ ਜਾਵੇਗਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਥਿਤ ਹਰਿਆਣਾ ਦੇ ਐੱਮਐੱਲਏ ਹੋਸਟਲ ਦਾ ਨਾਂ ਵੀ ਨੇਤਾ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਟੇਟ ਸੂਚਨਾ ਕਮਿਸ਼ਨ ਭਵਨ ਦੀ ਉਸਾਰੀ ਦੋ ਸਾਲਾਂ ਵਿੱਚ ਮੁਕੰਮਲ ਹੋ ਜਾਵੇਗੀ। ਇਹ ਭਵਨ 8500.98 ਵਰਗ ਮੀਟਰ ਵਿੱਚ ਬਣੇਗਾ। ਇਸ ਮੌਕੇ ਅੰਬਾਲਾ ਹਲਕੇ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ, ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ, ਹਰਿਆਣਾ ਪੁਲੀਸ ਹਾਊਸਿੰਗ ਬੋਰਡ ਦੇ ਐੱਮਡੀ ਆਰ.ਸੀ. ਮਿਸ਼ਰਾ ਅਤੇ ਪੰਚਕੂਲਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਵੀ ਮੌਜੂਦ ਸਨ। ਇਸ ਦੇ ਨਾਲ ਹੀ ਅੱਜ ਸ੍ਰੀ ਖੱਟਰ ਨੇ ਮੋਰਨੀ ਵਿੱਚ ਐਡਵੈਂਚਰ ਸਪੋਰਟਸ ਕਲੱਬ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਪੋਰਟਸ ਕਲੱਬ ਵਿੱਚ 1000 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਮੋਰਨੀ ਦੇ ਇਨ੍ਹਾਂ ਐਡਵੈਂਚਰ ਸਪੋਰਟਸ ਕੈਪਾਂ ’ਤੇ ਸਰਕਾਰ ਹਰ ਵਰ੍ਹੇ 2 ਕਰੋੜ ਰੁਪਏ ਦਾ ਖਰਚਾ ਕਰੇਗੀ। ਇਹ ਪ੍ਰੋਗਰਾਮ ‘ਮਿਲਖਾ ਸਿੰਘ ਐਡਵੈਂਚਰ ਸਪੋਰਟਸ ਕਲੱਬ’ ਤਹਿਤ ਕਰਵਾਏ ਜਾਣਗੇ ਅਤੇ ਇੱਥੇ ਹੀ ਖਿਡਾਰੀਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਖੇਡ ਮੰਤਰੀ ਸੰਦੀਪ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਖੇਡ ਮੰਤਰੀ ਨੇ ਵੀ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਲੇਸਰ, ਅਰਾਵਲੀ ਤੇ ਮੇਵਾਤ ਦੀਆਂ ਪਹਾੜੀਆਂ ’ਚ ਵੀ ਮਿਲਖਾ ਸਿੰਘ ਐਡਵੈਂਚਰ ਸਪੋਰਟ ਕਲੱਬ ਵੱਲੋਂ ਕੈਂਪ ਲਗਾਏ ਜਾਣਗੇ।