ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 8 ਜੁਲਾਈ
ਮੋਗਾ ਪੁਲੀਸ ਵੱਲੋਂ ਫ਼ਿਰੋਜਪੁਰ ਤੋਂ ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਡਾ. ਆਸ਼ੂ ਬੰਗੜ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਥਾਣਾ ਸਿਟੀ ਮੋਗਾ ਦੇ ਅੱਗੇ ਰੋਸ ਧਰਨਾ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਪੁਲੀਸ ਨੇ ਮੁਖ਼ਬਰ ਦੀ ਇਤਲਾਹ ’ਤੇ ਕੋਟਕਪੂਰਾ ਬਾਈ ਪਾਸ ਨੇੜਿਓਂ ਵਿਦੇਸ਼ ਭੇਜਣ ਲਈ ਤਜਰਬਾ ਸਰਟੀਫਿਕੇਟ ਆਦਿ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਵਿੱਚ ਡਾ. ਆਸ਼ੂ ਤੇ ਹਰਦੀਪ ਸਿੰਘ ਬਰਾੜ ਵਾਸੀ ਇੱਟਾਂਵਾਲੀ (ਮੁਕਤਸਰ) ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ।
ਡਾ. ਆਸ਼ੂ ‘ਆਪ’ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਅਤੇ ਫਿਰੋਜ਼ਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਥਾਣਾ ਮੋਗਾ ਅੱਗੇ ਧਰਨਾ ਦੇਣ ਸਮੇਂ ਵਿਧਾਇਕ ਦਰਸ਼ਨ ਸਿੰਘ ਬਰਾੜ, ਪਾਰਟੀ ਬੁਲਾਰਾ ਕਮਲਜੀਤ ਸਿੰਘ ਬਰਾੜ, ਮਲਵਿਕਾ ਸੂਦ, ਮਨਜੀਤ ਮਾਨ, ਪੱਪੂ ਜੋਸ਼ੀ ਆਦਿ ਕਾਂਗਰਸੀ ਆਗੂ ਅਤੇ ਡਾ. ਆਸ਼ੂ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਇਸ ਦੌਰਾਨ ਧਰਨਾਕਾਰੀਆਂ ਨੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕੀਤੀ। ਬੁਲਾਰਿਆਂ ਨੇ ਸੂਬਾ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ‘ਆਪ’ ਵੱਲੋਂ ਕਾਂਗਰਸ ਨਾਲ ਕਥਿਤ ਧੱਕੇਸ਼ਾਹੀ ਕਰਦਿਆਂ ਉਨ੍ਹਾਂ ਦੇ ਆਗੂਆਂ ’ਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।