ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਪਰੈਲ
ਨਿੱਜੀ ਸਕੂਲਾਂ ਵੱਲੋਂ ਹਰ ਸਾਲ ਸਾਲਾਨਾ ਵਸੂਲੀ ਅਤੇ ਹੋਰ ਫੰਡਾਂ ਰਾਹੀਂ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਵਿਰੁੱਧ ਪੇਰੈਂਟਸ ਐਸੋਸੀਏਸ਼ਨ ਵੱਲੋਂ ਸਿੱਖਿਆ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਤੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਅੱਜ ਕੋਈ ਵੀ ਨਹੀਂ ਪਹੁੰਚਿਆ। ਜਵਾਬ ਲੈਣ ਲਈ ਮਾਪੇ ਸੰਸਥਾ ਦੇ ਨੁਮਾਇੰਦੇ ਅੱਜ ਸਵੇਰੇ 9.30 ਤੋਂ ਦੁਪਹਿਰ 1 ਵਜੇ ਤੱਕ ਭਾਰਤ ਨਗਰ ਚੌਕ ਨੇੜੇ ਬੈਠੇ ਰਹੇ। ਜ਼ਿਕਰਯੋਗ ਹੈ ਕਿ ਮਾਪੇ ਸੰਸਥਾ ਨੇ ਬੀਤੀ 5 ਅਪਰੈਲ ਨੂੰ ਸਥਾਨਕ ਭਾਰਤ ਨਗਰ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਇੱਕ ਬੋਰਡ ’ਤੇ ਸਿੱਖਿਆ ਮੰਤਰੀ, ਡੀਸੀ, ਡੀਈਓ ਅਤੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਤੋਂ ਕੁਝ ਸਵਾਲ ਪੁੱਛੇ ਸਨ ਅਤੇ ਇਨ੍ਹਾਂ ਦੇ ਜਵਾਬ 12 ਅਪਰੈਲ ਸਵੇਰੇ 10 ਤੋਂ 12 ਵਜੇ ਤੱਕ ਦੇਣ ਲਈ ਆਖਿਆ ਗਿਆ ਸੀ। ਸੰਸਥਾ ਦੇ ਪ੍ਰਧਾਨ ਰਾਜਿੰਦਰ ਘਈ ਨੇ ਕਿਹਾ ਕਿ ਜੇਕਰ ਅਦਾਲਤ ਵੱਲੋਂ ਦਿੱਤੇ ਹੁਕਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਲਾਗੂ ਨਹੀਂ ਕਰਵਾ ਸਕਦਾ ਤਾਂ ਇਹ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਵਾਲੇ ਸ਼ਰੇਆਮ ਮਾਪਿਆਂ ਦੀ ਆਰਥਿਕ ਲੁੱਟ ਕਰ ਰਹੇ ਹਨ ਪਰ ਪ੍ਰਸਾਸ਼ਨ ਘੂਕ ਸੁੱਤਾ ਪਿਆ ਹੈ। ਉਨ੍ਹਾਂ ਦੱਸਿਆ ਕਿ 5 ਅਪਰੈਲ ਨੂੰ ਉਨ੍ਹਾਂ ਨੇ ਸਿੱਖਿਆ ਮੰਤਰੀ, ਡਿਪਟੀ ਕਮਿਸ਼ਨਰ, ਪੁਲੀਸ ਕਮਿਸ਼ਨਰ, ਡੀਈਓ ਅਤੇ ਸਕੂਲ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਉਹ ਇਹ ਦੱਸਣ ਕਿ ਬਿਲਡਿੰਗ ਫੰਡ, ਐਨੂਅਲ ਚਾਰਜ, ਰੀ-ਐਡਮੀਸ਼ਨ, ਫੁਟਕਲ ਖਰਚੇ ਆਦਿ ਹਰ ਸਾਲ ਕਿਉਂ ਲਏ ਜਾਂਦੇ ਹਨ, ਪਰ ਅਫਸੋਸ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਕੋਈ ਵੀ ਅਧਿਕਾਰੀ ਜਾਂ ਸਕੂਲਾਂ ਦਾ ਨੁਮਾਇੰਦਾ ਨਹੀਂ ਪਹੁੰਚਿਆ।