ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿਰ ਵਿਚ ਆਮਦ ਤੋਂ ਇਕ ਦਿਨ ਪਹਿਲਾਂ ਅੱਜ ਇਥੇ ਰਣਜੀਤ ਐਵੇਨਿਊ ਦੇ ਡੀ ਬਲਾਕ ਇਲਾਕੇ ਵਿਚ ਇਕ ਖਾਲੀ ਪਲਾਟ ਵਿਚੋਂ ਹੈਂਡ ਗ੍ਰਨੇਡ ਮਿਲਿਆ ਹੈ। ਪੁਲੀਸ ਨੇ ਸ਼ਹਿਰ ਤੋਂ ਬਾਹਰ ਮਾਨਾਵਾਲਾਂ ਨੇੜੇ ਖਾਲੀ ਥਾਂ ਵਿਚ ਲਿਜਾ ਕੇ ਬੰਬ ਨੂੰ ਨਕਾਰਾ ਕਰ ਦਿੱਤਾ। ਹੈਂਡ ਗ੍ਰਨੇਡ ਮਿਲਣ ਕਾਰਨ ਪੌਸ਼ ਕਾਲੋਨੀ ਦੇ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਬਣ ਗਿਆ ਹੈ। ਗ੍ਰਨੇਡ ਨੂੰ ਸਭ ਤੋਂ ਪਹਿਲਾਂ ਸਫਾਈ ਕਰਮਚਾਰੀ ਨੇ ਦੇਖਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਇਹ ਇਥੇ ਖਾਲੀ ਪਲਾਟ ਵਿਚ ਸੁੱਟੇ ਜਾਂਦੇ ਕੂੜੇ ਵਿਚ ਪਿਆ ਸੀ। ਜਾਣਕਾਰੀ ਮਿਲਦੇ ਸਾਰ ਹੀ ਪੁਲੀਸ ਤੇ ਬੰਬ ਨਕਾਰਾ ਕਰਨ ਵਾਲਾ ਦਸਤਾ ਮੌਕੇ ’ਤੇ ਪੁੱਜਿਆ, ਜਿਸ ਨੇ ਹੈਂਡ ਗ੍ਰਨੇਡ ਨੂੰ ਰੇਤ ਵਾਲੀ ਬੋਰੀ ਵਿਚ ਰੱਖਿਆ ਅਤੇ ਸ਼ਹਿਰ ਤੋਂ ਬਾਹਰ ਖੁੱਲ੍ਹੀ ਥਾਂ ਵਿਚ ਲੈ ਗਏ। ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਮੀਡੀਆ ਨੂੰ ਦੱਸਿਆ ਕਿ ਬੰਬਨੁਮਾ ਵਸਤੂ ਬਰਾਮਦ ਹੋਈ ਹੈ ਅਤੇ ਇਸ ਬਾਰੇ ਮਾਹਿਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਵਿਚ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਸੂਚਨਾ ਨੂੰ ਅਣਡਿੱਠ ਨਹੀਂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ 14 ਅਗਸਤ ਨੂੰ ਸ਼ਹਿਰ ਵਿਚ ਆ ਰਹੇ ਹਨ, ਜੋ ਰਣਜੀਤ ਐਵੇਨਿਊ ਇਲਾਕੇ ਵਿਚ ਸਥਾਪਤ ਆਨੰਦ ਅੰਮ੍ਰਿਤ ਪਾਰਕ ਵਿਚ ਜੱਲਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਇਕ ਨਵੀਂ ਯਾਦਗਾਰ ਦਾ ਉਦਘਾਟਨ ਕਰਨਗੇ। ਉਨ੍ਹਾਂ ਵੱਲੋਂ ਇਕ-ਦੋ ਹੋਰ ਸਮਾਗਮਾਂ ਵਿਚ ਵੀ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਇਥੇ ਰਾਜ ਪੱਧਰੀ ਸਮਾਗਮ ਵਿਚ ਤਿਰੰਗਾ ਝੰਡਾ ਵੀ ਲਹਿਰਾਉਣਗੇ। ਕੁਝ ਦਿਨ ਪਹਿਲਾਂ ਹੀ ਸਰਹੱਦੀ ਇਲਾਕੇ ਵਿਚ ਵੀ ਬੰਬ, ਟਿਫਿਨ ਬੰਬ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋ ਚੁੱਕੀ ਹੈ। ਵੀਰਵਾਰ ਨੂੰ ਕੁਝ ਥਾਵਾਂ ’ਤੇ ਪੰਨੂ ਦੇ ਨਾਂ ਹੇਠ ‘ਕਿਸਾਨ ਮਸਲੇ ਦਾ ਹੱਲ ਖਾਲਿਸਤਾਨ’ ਵਾਲੇ ਨਾਅਰੇ ਕੰਧਾਂ ’ਤੇ ਲਿਖੇ ਹੋਏ ਮਿਲੇ ਸਨ।