ਦਵਿੰਦਰ ਪਾਲ
ਚੰਡੀਗੜ੍ਹ, 12 ਅਪਰੈਲ
ਪੰਜਾਬ ਵਿੱਚ ਕਣਕ ਦੀ ਵਾਢੀ ਦੇ ਜ਼ੋਰ ਫੜਨ ਦੇ ਬਾਵਜੂਦ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਮੋਰਚਿਆਂ ’ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਅੱਗੇ ਲਗਪਗ ਸਵਾ ਸੌ ਥਾਈਂ ਜਾਰੀ ਧਰਨਿਆਂ ’ਚ ਗਿਣਤੀ ਬਰਕਰਾਰ ਰੱਖਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਦੱਸਿਆ ਕਿ 32 ਜਥੇਬੰਦੀਆਂ ਕਿਸਾਨ ਮੋਰਚਿਆਂ ’ਚ ਹੀ ‘ਖਾਲਸਾ ਸਾਜਨਾ ਦਿਵਸ’ ਮਨਾਉਣਗੀਆਂ ਅਤੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ। ਉਨ੍ਹਾਂ ਦੱਸਿਆ ਕਿ ਅੰਦੋਲਨ ਦੀ ਮਸ਼ਾਲ ਹੋਰ ਮਘਾਉਣ ਲਈ ਪਿੰਡ-ਪਿੰਡ ਇਨਕਲਾਬੀ ਨਾਟਕ ਅਤੇ ਭਾਸ਼ਣ ਕਰਵਾਏ ਜਾਣਗੇ।
ਕਿਸਾਨ ਆਗੂਆਂ ਅਨੁਸਾਰ ਪੰਜਾਬ ਤੋਂ ਨੌਜਵਾਨਾਂ, ਔਰਤਾਂ ਅਤੇ ਮੁਲਾਜ਼ਮਾਂ ਦਾ ਧਰਨਿਆਂ ’ਚ ਸ਼ਾਮਲ ਹੋਣਾ ਜਾਰੀ ਹੈ। ਕਣਕ ਦੀ ਵਾਢੀ ਦਾ ਕੰਮ ਨਿੱਬੜਨ ਮਗਰੋਂ ਕਿਸਾਨਾਂ ਦੇ ਕਾਫਲੇ ਮੁੜ ਦਿੱਲੀ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੇਂਦਰ ਵੱਲੋਂ ਕਿਸਾਨ ਅੰਦੋਲਨ ਨੂੰ ਅਤਿਵਾਦੀ, ਖਾਲਿਸਤਾਨੀ, ਨਕਸਲੀ ਗਰਦਾਨ ਕੇ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਜਦੋਂ ਇਹ ਚਾਲਾਂ ਫੇਲ੍ਹ ਹੋ ਗਈਆਂ ਤਾਂ ਹੁਣ ਪਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਵਿਚਾਲੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿਸੇ ਵੀ ਕੀਮਤ ’ਤੇ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦਾ ਕੋਈ ਵੀ ਪੈਂਤੜਾ ਅੰਦੋਲਨ ਨੂੰ ਫਿੱਕਾ ਨਹੀਂ ਪਾ ਸਕਦਾ। ਸੰਘਰਸ਼ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਲੜਾਈ ਤਿੰਨ ਕਾਨੂੰਨਾਂ ਤੋਂ ਵਧ ਕੇ ਫ਼ਸਲਾਂ ਤੇ ਨਸਲਾਂ ਦੀ ਬਣ ਗਈ ਹੈ। ਇਸ ਲੜਾਈ ਲਈ ਜਵਾਨੀ ਤੋਂ ਮਿਲ ਰਹੇ ਬਲ ਤੋਂ ਲੱਗਦਾ ਹੈ ਕਿ ਉਹ ਸੰਘਰਸ਼ ਜਿੱਤ ਕੇ ਹੀ ਮੁੜਨਗੇ।
ਆਗੂਆਂ ਨੇ ਕਿਹਾ ਕਿ ਹਾਕਮਾਂ ਨੂੰ ਭੁਲੇਖਾ ਸੀ ਕਿ ਜਵਾਨੀ ਨੂੰ ਉਨ੍ਹਾਂ ਨੇ ਨਸ਼ਿਆਂ ਤੇ ਬੇਰੁਜ਼ਗਾਰੀ ਵਿਚ ਧੱਕ ਦਿੱਤਾ ਹੈ ਅਤੇ ਉਹ ਕਦੇ ਵੀ ਆਪਣੇ ਹੱਕਾਂ ਪ੍ਰਤੀ ਚੇਤੰਨ ਨਹੀਂ ਹੋ ਸਕਦੇ ਪਰ ਨੌਜਵਾਨਾਂ ਨੇ ਦੱਸ ਦਿੱਤਾ ਹੈ ਕਿ ਜੇ ਕੋਈ ਉਨ੍ਹਾਂ ਦੀਆਂ ਫਸਲਾਂ ਤੇ ਨਸਲਾਂ ’ਤੇ ਡਾਕਾ ਮਾਰੇਗਾ ਤਾਂ ਉਹ ਉਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ।
ਹਰਿਆਣਾ ਦੇ ਮੋਰਚਿਆਂ ’ਤੇ ਵੀ ਮਨਾਈ ਜਾਵੇਗੀ ਵਿਸਾਖੀ
ਚੰਡੀਗੜ੍ਹ (ਆਤਿਸ਼ ਗੁਪਤਾ): ਹਰਿਆਣਾ ’ਚ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ, ਪੂੰਜੀਪਤੀਆਂ ਦੇ ਦਫ਼ਤਰਾਂ ਮੂਹਰੇ, ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਪੰਜ ਮਹੀਨੇ ਬਾਅਦ ਵੀ ਜਾਰੀ ਰਹੇ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 13 ਅਪਰੈਲ ਨੂੰ ਕਿਸਾਨ ਧਰਨਿਆਂ ਵਿੱਚ ‘ਖਾਲਸਾ ਪੰਥ ਦਾ ਸਾਜਨਾ ਦਿਵਸ’ ਮਨਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਧਰਨਿਆਂ ਵਿੱਚ ‘ਖਾਲਸਾ ਪੰਥ ਦਾ ਸਾਜਨਾ ਦਿਵਸ’ ਮਨਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਭਖ਼ਦਾ ਜਾ ਰਿਹਾ ਹੈ। ਸੂਬਾ ਸਰਕਾਰ ਕਰੋਨਾਵਾਇਰਸ ਦੇ ਨਾਮ ’ਤੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ, ਜਿਸ ਨੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਜ ਦਾ ਕਰਫਿਊ ਲਗਾ ਦਿੱਤਾ ਹੈ। ਚੜੂਨੀ ਨੇ ਕਿਹਾ ਕਿ ਸੋਨੀਪਤ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ 14 ਅਪਰੈਲ ਨੂੰ ਪਹੁੰਚ ਰਹੇ ਹਨ, ਜਿਨ੍ਹਾਂ ਦਾ ਦਲਿਤ ਸਮਾਜ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 14 ਅਪਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਨੂੰ ‘ਸੰਵਿਧਾਨ ਬਚਾਓ ਦਿਵਸ’ ਵਜੋਂ ਮਨਾਇਆ ਜਾਵੇਗਾ। ਇਸ ਦਿਨ ਕਿਸਾਨ ਧਰਨਿਆਂ ਦੀ ਅਗਵਾਈ ਬਹੁਜਨ ਸਮਾਜ ਵੱਲੋਂ ਕੀਤੀ ਜਾਵੇਗੀ। ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਫ਼ਸਲਾਂ ਨੂੰ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਨਹੀਂ ਲੈ ਕੇ ਆਉਂਦੀ, ਸੰਘਰਸ਼ ਜਾਰੀ ਰਹੇਗਾ।
ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਣ ਦੀ ਅਪੀਲ
ਕਿਸਾਨ ਆਗੂਆਂ ਨੇ ਕਿਹਾ ਕਿਸਾਨਾਂ ਦਾ ਜਬਰ ਤੇ ਸਬਰ ਪਰਖ ਰਹੀ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਪਰੈਲ ਦਾ ਮਹੀਨਾ ਉਨ੍ਹਾਂ ਸ਼ਹੀਦਾਂ ਦਾ ਮਹੀਨਾ ਹੈ, ਜਿਨ੍ਹਾਂ ਨੇ ਕਿਰਤ ਦੀ ਪੁੱਗਤ ਦਾ ਰਾਜ ਸਿਰਜਣ ਲਈ ਕੁਰਬਾਨੀਆਂ ਦੇ ਦਿੱਤੀਆਂ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਹੋਏ 351 ਸ਼ਹੀਦ ਕਿਸਾਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਉਹ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਕਿਸਾਨ ਘੋਲ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਣ ਅਤੇ ਮੋਰਚੇ ਦੀ ਲੀਡਰਸ਼ਿਪ ਖ਼ਿਲਾਫ਼ ਹੋ ਰਹੇ ਕੂੜ ਪ੍ਰਚਾਰ ਦਾ ਵਿਰੋਧ ਕਰਨ।