ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਅਗਸਤ
ਇਥੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਦੇ ਮੱਦੇਨਜ਼ਰ ਲਾਲ ਕਿਲੇ ਦੀ ਸੁਰੱਖਿਆ ਲਈ ਦਿੱਲੀ ਪੁਲੀਸ ਸਮੇਤ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਅੱਜ ਉੱਚ ਅਧਿਕਾਰੀਆਂ ਵੱਲੋਂ ਬੈਠਕ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਜ਼ਿਕਰਯੋਗ ਹੈ ਕਿ 15 ਅਗਸਤ ਨੂੰ 75ਵੇਂ ਸੁਤੰਤਰਤਾ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਲਾਲ ਕਿਲੇ ਤੋਂ ਸੰਬੋਧਨ ਕਰਨਗੇ। ਲਾਲ ਕਿਲੇ ਦੀ ਸੁਰੱਖਿਆ ਲਈ ਐੱਨਐੱਸਜੀ ਸਨਾਈਪਰਜ਼, ਸਵਾਟ ਕਮਾਂਡੋ, ਪਤੰਗਾਂ ਫੜਨ ਵਾਲਾ ਦਸਤਾ ਅਤੇ ‘ਸ਼ਾਰਪ ਸ਼ੂਟਰ’ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਕਰਵਾਈ ਜਾਵੇਗੀ, ਜਿਸ ਤਰ੍ਹਾਂ ਪਿਛਲੇ ਸਮਾਗਮ ਦੌਰਾਨ ਕਰਵਾਈ ਗਈ ਸੀ। ਜਾਣਕਾਰੀ ਮੁਤਾਬਿਕ ਇਥੇ ਇਸ ਵਾਰ ਭਾਰਤੀ ਓਲੰਪਿਕ ਟੁੱਕੜੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਵੇਗੀ। ਪੁਲੀਸ ਮੁਤਾਬਕ ਜੰਮੂ-ਕਸ਼ਮੀਰ ਹਵਾਈ ਅੱਡੇ ਉਪਰ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ’ਤੇ ਹਾਲ ਹੀ ਵਿੱਚ ਹੋਏ ਹਮਲੇ ਦੇ ਮੱਦੇਨਜ਼ਰ ਇਥੇ ਡਰੋਨ ਰੋਕੂ ਯੰਤਰ ਵੀ ਸਥਾਪਿਤ ਕੀਤੇ ਗਏ ਹਨ। ਪੁਲੀਸ ਨੇ ਦੱਸਿਆ ਕਿ 350 ਤੋਂ ਵੱਧ ਕੈਮਰੇ ਲਾਏ ਗਏ ਹਨ, ਜੋ ਕੰਟਰੋਲ ਰੂਮਾਂ ਨਾਲ ਜੁੜੇ ਹਨ। ਕੈਮਰਿਆਂ ’ਤੇ ਖ਼ਾਸ ਨਜ਼ਰ ਰੱਖੀ ਜਾਵੇਗੀ ਤੇ ਤਸਵੀਰਾਂ ਦੀ ਘੋਖ ਹੋਵੇਗੀ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ। ਪੁਲੀਸ ਦਾ ਕਹਿਣਾ ਹੈ ਕਿ ਲਾਲ ਕਿਲੇ ’ਤੇ ਕਰੀਬ 5 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਉਹ ਕਰੋਨਾ ਸਬੰਧੀ ਸਮਾਜਿਕ ਦੂਰੀ ਵਾਲੇ ਨਿਯਮਾਂ ਦੀ ਪਾਲਣਾ ਵੀ ਕਰਵਾਉਣਗੇ। ਇਸ ਦੇ ਨਾਲ ਹੀ ਸੁਰੱਖਿਆ ਲਈ ਲਾਲ ਕਿਲੇ ਸਾਹਮਣੇ ਕੰਨਟੇਨਰਾਂ ਦੀ ਉੱਚੀ ਕੰਧ ਬਣਾਈ ਗਈ ਹੈ ਤਾਂ ਜੋ ਚਾਂਦਨੀ ਚੌਕ ਤੋਂ ਕੋਈ ਸਮਾਗਮ ਦੌਰਾਨ ਨਾ ਦੇਖ ਸਕੇ। 70 ਤੋਂ ਵਧ ਪੁਲੀਸ ਗੱਡੀਆਂ ਜਿਨ੍ਹਾਂ ਵਿੱਚ ਪੀਸੀਆਰ ਗੱਡੀਆਂ, ਤੁਰੰਤ ਕਾਰਵਾਈ ਟੀਮਾਂ ਤੇ ਵੈਨਾਂ ਤਾਇਨਾਤ ਕੀਤੀਆਂ ਗਈਆਂ ਹਨ। ਮੋਟਰਸਾਈਕਲਾਂ ਵਾਲੀਆਂ ਗਸ਼ਤੀ ਟੁੱਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦਿੱਲੀ ਪੁਲੀਸ ਵੱਲੋੋਂ ਯਮੁਨਾ ਨਦੀ ’ਤੇ ਮੋਟਰਬੋਟਾਂ ਰਾਹੀਂ ਗਸ਼ਤ ਕੀਤੀ ਜਾਵੇਗੀ। ਪੁਲੀਸ ਨੇ ਦੱਸਿਆ ਕਿ ਦਿੱਲੀ ਦੀਆਂ ਹੱਦਾਂ ਦੀ ਸੁਰੱਖਿਆ ਵੀ ਸਖ਼ਤ ਕੀਤੀ ਗਈ ਹੈ, ਜਿਥੇ ਵੱਡੀ ਗਿਣਤੀ ਕਿਸਾਨ ਅੰਦੋਲਨ ਕਰ ਰਹੇ ਹਨ। ਸੂਤਰਾਂ ਮੁਤਾਬਕ ਪੁਲੀਸ ਨੂੰ ਇਤਲਾਹ ਮਿਲੀ ਕਿ ਖਾਲਿਸਤਾਨੀ ਦਸ਼ਿਹਤਗਰਦ ਵੀ ਖਲਲ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸ ਦੇ ਮੱਦੇਨਜ਼ਰ ਪੁਲੀਸ ਹੋਰ ਸਖ਼ਤੀ ਵਧਾ ਦਿੱਤੀ ਹੈ। ਸੁਰੱਖਿਆ ਬਲਾਂ ਨੇ ਮੈਟਰੋ ਵਿੱਚ ਵੀ ਵਿਸ਼ੇਸ਼ ਚੌਕਸੀ ਕੀਤੀ ਹੋਈ ਹੈ ਤੇ ਧਮਾਕਾਖੇਜ ਸਮੱਗਰੀ ਸੁੰਘਣ ਵਾਲੇ ਕੁੱਤੇ ਵੀ ਤਾਇਨਾਤ ਕੀਤੇ ਹੋਏ ਹਨ।