ਜਤਿੰਦਰ ਸਿੰਘ ਬਾਵਾ/ਤੇਜਿੰਦਰ ਸਿੰਘ ਖ਼ਾਲਸਾ
ਸ੍ਰੀ ਗੋਇੰਦਵਾਲ ਸਾਹਿਬ/ਚੋਹਲਾ ਸਾਹਿਬ, 13 ਅਗਸਤ
ਮੁੱਖ ਅੰਸ਼
- ਪੁਲੀਸ ਵੱਲੋਂ ਜਲਦੀ ਹੀ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ
ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਚੰਬਾ ਖੁਰਦ ਵਿੱਚ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤਿਆਂ ਨੇ ਘਰ ਵਿਚ ਦਾਖਲ ਹੋ ਕੇ ਬਜ਼ੁਰਗ ਪਤੀ-ਪਤਨੀ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲਾਸ਼ਾਂ ਕਬਜ਼ੇ ਵਿੱਚ ਲੈਣ ਮਗਰੋਂ ਦੋਹਰੇ ਕਤਲ ਕਾਂਡ ਦੀ ਜਾਂਚ ਵਿੱਢ ਦਿੱਤੀ ਹੈ। ਕਤਲ ਕੀਤੇ ਗਏ ਜੋੜੇ ਦੀ ਪਛਾਣ ਹਰਭਜਨ ਸਿੰਘ (60) ਅਤੇ ਉਸ ਦੀ ਪਤਨੀ ਪਰਮਜੀਤ ਕੌਰ (55) ਵਜੋਂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਹਰਭਜਨ ਸਿੰਘ ਆਪਣੀਆਂ ਬਹਿਕਾਂ ਵਿੱਚ ਰਹਿੰਦਾ ਸੀ ਤੇ ਉਸ ਨੇ ਜ਼ਮੀਨ ਠੇਕੇ ’ਤੇ ਦਿੱਤੀ ਹੋਈ ਹੈ। ਕਤਲ ਹੋਏ ਜੋੜੇ ਦਾ ਲੜਕਾ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿੰਦਾ ਹੈ ਜਦੋਂਕਿ ਇਕ ਬੇਟੀ ਵਿਆਹੀ ਹੋਈ ਹੈ। ਬਜ਼ੁਰਗ ਜੋੜਾ ਇਕੱਲਾ ਹੀ ਘਰ ਵਿੱਚ ਰਹਿੰਦਾ ਸੀ। ਪੁਲੀਸ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਮੌਕੇ ਦਾ ਦੌਰਾ ਕੀਤਾ ਹੈ। ਪੁਲੀਸ ਵੱਲੋਂ ਤਕਨੀਕੀ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਥਾਣਾ ਗੋਇੰਦਵਾਲ ਸਾਹਿਬ ਦੇ ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਭਜਨ ਸਿੰਘ ਦੀ ਲੜਕੀ ਬਲਜੀਤ ਕੌਰ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਦੋਹਰਾ ਕਤਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਹੀਂ ਕੀਤਾ ਗਿਆ ਲਗਦਾ। ਉਧਰ ਪਿੰਡ ਦੇ ਪਤਵੰਤੇ ਅਤੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਇਸ ਨੂੰ ਚੋਰੀ ਦੀ ਵਾਰਦਾਤ ਨਹੀਂ ਕਹਿ ਸਕਦੇ ਕਿਉਂਕਿ ਪੀੜਤਾਂ ਦੇ ਘਰ ਵਿੱਚ ਸਾਮਾਨ ਦੀ ਕੋਈ ਵੀ ਹਿਲਜੁਲ ਨਹੀਂ ਹੋਈ।