ਸ੍ਰੀਨਗਰ, 27 ਨਵੰਬਰ
ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਵਿਚ ਹੱਦਬੰਦੀ ਦੀ ਪ੍ਰਕਿਰਿਆ ਫਰਵਰੀ ਤੱਕ ਮੁਕੰਮਲ ਕਰ ਲੈਣੀ ਚਾਹੀਦੀ ਹੈ ਤੇ ਸਰਦੀਆਂ ਤੋਂ ਤੁਰੰਤ ਬਾਅਦ ਵਿਧਾਨ ਸਭਾ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਹਨ। ਕੁਲਗਾਮ ਵਿਚ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਜ਼ਾਦ ਨੇ ਕਿਹਾ ਕਿ ਸਰਦੀਆਂ ਦੇ ਅਗਲੇ ਚਾਰ ਮਹੀਨਿਆਂ ਦੌਰਾਨ ਚੋਣਾਂ ਕਰਾਉਣੀਆਂ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਚੋਣਾਂ ਕਰਵਾਉਣ ਲਈ ਜੇ ਕੇਂਦਰ ਹਾਮੀ ਭਰੇਗਾ ਵੀ ਤਾਂ ਵੀ ਇਹ ਨਹੀਂ ਕਰਵਾਈਆਂ ਜਾ ਸਕਦੀਆਂ। ਪ੍ਰਧਾਨ ਮੰਤਰੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਵੀ ਸਾਰਿਆਂ ਨੇ ਇਹੀ ਕਿਹਾ ਸੀ ਕਿ ਪਹਿਲਾਂ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ ਤੇ ਮਗਰੋਂ ਹੱਦਬੰਦੀ ਉਤੇ ਕੰਮ ਕੀਤਾ ਜਾਵੇ। ਪਰ ਸਰਕਾਰ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਆਜ਼ਾਦ ਨੇ ਕਿਹਾ ਕਿ ਜੰਮੂ ਵਿਚ ਹਿੰਦੂ ਭਰਾ ਤੇ ਕਸ਼ਮੀਰ ਵਿਚ ਸਿੱਖ ਤੇ ਮੁਸਲਿਮ ਭਰਾ ਸਾਰੇ ਰਾਜ ਦਾ ਦਰਜਾ ਮੰਗ ਰਹੇ ਹਨ। -ਪੀਟੀਆਈ