ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਫਰਵਰੀ
ਸਮੁੱਚੀ ਪੋਲਿੰਗ ਪ੍ਰਕਿਰਿਆ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਲੁਧਿਆਣਾ ਨੇ ਜ਼ਿਲ੍ਹੇ ਵਿੱਚ 14 ਪਿੰਕ ਪੋਲਿੰਗ ਬੂਥ ਸਥਾਪਤ ਕੀਤੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ 14 ਪੋਲਿੰਗ ਬੂਥ ਸਾਰੇ 14 ਵਿਧਾਨ ਸਭਾ ਹਲਕਿਆਂ (ਹਰੇਕ ਹਲਕੇ ਵਿੱਚ ਇੱਕ) ਵਿੱਚ ਬਣਾਏ ਗਏ ਹਨ, ਵੋਟਾਂ ਦੌਰਾਨ ਇਨ੍ਹਾਂ ਦਾ ਪ੍ਰਬੰਧ ਸਿਰਫ਼ ਮਹਿਲਾ ਟੀਮਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਪੋਲਿੰਗ ਬੂਥਾਂ ’ਤੇ ਪੋਲਿੰਗ ਸਟਾਫ਼, ਪੁਲੀਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਨੂੰ ਗੁਲਾਬੀ ਰੰਗ ਵਿੱਚ ਰੰਗਿਆ ਗਿਆ ਹੈ ਜਿਸ ਵਿੱਚ ਕੰਧਾਂ, ਸ਼ਾਮਿਆਨਾਂ ਅਤੇ ਟੇਬਲ ਕਵਰ ਵੀ ਗੁਲਾਬੀ ਰੰਗ ਦੇ ਹਨ। ਉਨ੍ਹਾਂ ਕਿਹਾ ਕਿ ਇਸ ਅਨੋਖੇ ਉਦਮ ਨਾਲ ਜਿੱਥੇ ਲਿੰਗਕ ਧਾਰਨਾਵਾਂ ਨੂੰ ਤੋੜਨ ਵਿੱਚ ਮਦਦ ਮਿਲੇਗੀ ਉਥੇ ਮਹਿਲਾ ਕਰਮਚਾਰਨਾਂ ਜਿਹੜੀਆਂ ਕਿ ਆਮ ਤੌਰ ’ਤੇ ਚੋਣ ਡਿਊਟੀਆਂ ਕਰਨ ਤੋਂ ਝਿਜਕਦੀਆਂ ਹਨ, ਉਨ੍ਹਾਂ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਸਮਾਜ ਦੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦਾ ਹੁਲਾਰਾ ਵੀ ਮਿਲੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ 178 ਮਾਡਲ ਪੋਲਿੰਗ ਬੂਥਾਂ ਦੇ ਨਾਲ-ਨਾਲ 14 ਦਿਵਿਆਂਗ (ਪੀ.ਡਬਲਿਊਡੀ) ਬੂਥ ਵੀ ਬਣਾਏ ਗਏ ਹਨ।