ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਸਤੰਬਰ
ਅਧਿਆਪਕ ਦਿਵਸ ਮੌਕੇ ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇੱਥੇ ਥਾਪਰ ਇੰਸਟੀਚਿਊਟ ਵਿੱਚ ਕਰਵਾਏ ਗਏ ਵਰਚੁਅਲ-ਕਮ-ਆਫਲਾਈਨ ਸੂਬਾ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਗਮ ਮੌਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੂਬੇ ਦੇ 80 ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਸਨਮਾਨੇ ਗਏ ਅਧਿਆਪਕਾਂ ਵਿੱਚ 36 ਅੱਪਰ ਪ੍ਰਾਇਮਰੀ ਤੇ 22 ਪ੍ਰਾਇਮਰੀ ਅਧਿਆਪਕਾਂ ਨੂੰ ਰਾਜ ਪੁਰਸਕਾਰ, ਛੇ ਅੱਪਰ ਪ੍ਰਾਇਮਰੀ ਤੇ ਪੰਜ ਪ੍ਰਾਇਮਰੀ ਅਧਿਆਪਕਾਂ ਨੂੰ ਯੁਵਾ ਅਧਿਆਪਕ ਪੁਰਸਕਾਰ ਅਤੇ 11 ਸਿੱਖਿਆ ਅਧਿਕਾਰੀਆਂ ਨੂੰ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਗਏ। 23 ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਨਿੱਜੀ ਤੌਰ ’ਤੇ ਸਨਮਾਨਿਤ ਕੀਤਾ। ਬਾਕੀ ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਨਮਾਨਿਆ ਗਿਆ। ਪ੍ਰਬੰਧਕੀ ਸਟੇਟ ਐਵਾਰਡ ਨਾਲ ਸਨਮਾਨੇ ਗਏ ਸਿੱਖਿਆ ਅਧਿਕਾਰੀਆਂ ’ਚ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ ਵੀ ਸ਼ਾਮਲ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿੱਚ ਸਿੱਖਿਆ ਪ੍ਰਣਾਲੀ ਦੀ ਸਮੁੱਚੀ ਨੁਹਾਰ ਬਦਲ ਦਿੱਤੀ ਹੈ, ਜਿਸ ਦੇ ਸਿੱਟੇ ਵਜੋਂ ਹੀ ਪੰਜਾਬ ਦੇਸ਼ ਭਰ ’ਚ ਸਿੱਖਿਆ ਦੇ ਖੇਤਰ ’ਚ ਮੋਹਰੀ ਹੋ ਕੇ ਉਭਰਿਆ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਸੂਬੇ ਦੇ ਸੱਤ ਲੱਖ ਵਿਦਿਆਰਥੀ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ। ਇਸ ਦੌਰਾਨ ਉਨ੍ਹਾਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਇਸ ਮੌਕੇ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ, ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਰਮੇਸ਼ ਕੁਮਾਰ ਗੰਤਾ ਅਤੇ ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਕਰਦਿਆਂ ਮੁੱਖ ਅਧਿਆਪਕਾ ਰੁਪਿੰਦਰ ਕੌਰ ਗਰੇਵਾਲ ਤੇ ਅਮਰਦੀਪ ਸਿੰਘ ਬਾਠ ਨੇ ਅਧਿਆਪਕ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਜਸਪ੍ਰੀਤ ਸਿੰਘ, ਡੀਪੀਆਈ ਸੁਖਜੀਤਪਾਲ ਸਿੰਘ ਤੇ ਸਹਾਇਕ ਡਾਇਰੈਕਟਰ ਕਰਮਜੀਤ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।