ਨਵੀਂ ਦਿੱਲੀ, 6 ਮਈ
ਪੰਜਾਬ ਪੁਲੀਸ ਵੱਲੋਂ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰਨ ਦਿੱਲੀ ਪੁਲੀਸ ਨੇ ਅੱਜ ਪੰਜਾਬ ਪੁਲੀਸ ’ਤੇ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਗਾ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਹੈ ਕਿ ਕੁੱਝ ਲੋਕ ਸਵੇਰੇ 8 ਵਜੇ ਦੇ ਕਰੀਬ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਨਕਪੁਰੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਦੌਰਾਨ ਬੱਗਾ ਨੂੰ ਲਿਜਾ ਜਾ ਰਹੀ ਪੰਜਾਬ ਪੁਲੀਸ ਦੀ ਟੀਮ ਨੂੰ ਹਰਿਆਣਾ ਪੁਲੀਸ ਨੇ ਕੌਮੀ ਸ਼ਾਹਰਾਹ ’ਤੇ ਪਿੰਡ ਖਾਨਪੁਰ ਕੋਲੀਆਂ ਨੇੜੇ ਰੋਕ ਲਿਆ। ਐੱਸਪੀ ਕੁਰੂਕਸ਼ੇਤਰ ਅੰਸ਼ੂ ਸਿੰਗਲਾ ਦਾ ਕਹਿਣਾ ਹੈ ਕਿ ਦਿੱਲੀ ਪੁਲੀਸ ਦੀ ਸੂਚਨਾ ਤੋਂ ਬਾਅਦ ਵਾਹਨਾਂ ਨੂੰ ਕੁਝ ਪੜਤਾਲ ਲਈ ਰੋਕ ਲਿਆ ਹੈ। ਪੰਜਾਬ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਡੀਜੀਪੀ ਹਰਿਆਣਾ ਨੂੰ ਐੱਫਆਈਆਰ ਦੀ ਕਾਪੀ ਸਮੇਤ ਪੱਤਰ ਭੇਜਿਆ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਗ੍ਰਿਫਤਾਰੀ ਜਾਇਜ਼ ਹੈ ਅਤੇ ਹਰਿਆਣਾ ਪੁਲੀਸ ਬੱਗਾ ਨੂੰ ਲਿਜਾਣ ਤੋਂ ਨਹੀਂ ਰੋਕਣਾ ਚਾਹੀਦਾ।