ਨਵੀਂ ਦਿੱਲੀ, 1 ਨਵੰਬਰ
‘ਫਿਕੀ’ ਦੀ ਪ੍ਰਧਾਨ ਸੰਗੀਤਾ ਰੈੱਡੀ ਨੇ ਅੱਜ ਕਿਹਾ ਕਿ ਕੋਵਿਡ-19 ਸੰਕਟ ਨਾਲ ਨਜਿੱਠਣ ਦੀ ਭਾਰਤ ਦੀ ਰਣਨੀਤੀ ਸਫ਼ਲ ਰਹੀ ਹੈ ਤੇ ਮੁਲਕ ਦੀ ਆਰਥਿਕਤਾ ਹੁਣ ਪਟੜੀ ’ਤੇ ਆਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਹੁਣ ਸਮਾਂ ਹੈ ਕਿ ਖੁੱਲ੍ਹ ਕੇ ਕਦਮ ਚੁੱਕੇ ਜਾਣ ਤੇ ਵਿਕਾਸ ਦੇ ਏਜੰਡੇ ਨੂੰ ਧੱਕਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਸਰਕਾਰਾਂ ਜ਼ਿੰਦਗੀ ਤੇ ਰੁਜ਼ਗਾਰ ਵਿਚਾਲੇ ਤਵਾਜ਼ਨ ਕਾਇਮ ਕਰਨ ਬਾਰੇ ਫ਼ਿਕਰਮੰਦ ਸਨ। ਭਾਰਤ ਨੇ ਸਖ਼ਤੀ ਨਾਲ ਲੌਕਡਾਊਨ ਲਾਗੂ ਕਰ ਕੇ ਸਿਹਤ ਢਾਂਚੇ ਵਿਚ ਵਾਧਾ ਕੀਤਾ ਤੇ ਮਨੁੱਖੀ ਜ਼ਿੰਦਗੀਆਂ ’ਤੇ ਧਿਆਨ ਕੇਂਦਰਤ ਕੀਤਾ। ਇਹ ਨੀਤੀ ਰੰਗ ਲਿਆਈ ਹੈ। ਰੈੱਡੀ ਨੇ ਕਿਹਾ ਕਿ ਵਿਗਿਆਨ ਨੇ ਆਪਣੀ ਭੂਮਿਕਾ ਅਦਾ ਕੀਤੀ ਤੇ ਇਲਾਜ ਦੇ ਬਿਹਤਰ ਬਦਲ ਦਿੱਤੇ, ਪੀਪੀਈ ਤੇ ਹੋਰ ਸਮੱਗਰੀ ਮੁਹੱਈਆ ਕਰਵਾਈ ਗਈ ਤੇ ਮੌਤ ਦਰ ਨੂੰ ਕਾਬੂ ਕੀਤਾ ਗਿਆ ਹੈ। ਹੁਣ ਰੁਜ਼ਗਾਰ ਦੇ ਫਰੰਟ ’ਤੇ ਹਿੰਮਤੀ ਕਦਮ ਚੁੱਕਣ ਦੀ ਲੋੜ ਹੈ। ‘ਫਿਕੀ’ ਪ੍ਰਧਾਨ ਨੇ ਕਿਹਾ ਕਿ ਹਾਲ ਹੀ ਵਿਚ ਜਾਰੀ ਮੁਦਰਾ ਨੀਤੀ ਭਰੋਸਾ ਦਿਵਾਉਂਦੀ ਹੈ ਕਿ ਸਰਕਾਰ ਤੇ ਰੈਗੂਲੇਟਰ ਆਰਥਿਕਤਾ ਨੂੰ ਪੈਰਾਂ-ਸਿਰ ਰੱਖਣ ਲਈ ਹਰ ਕਦਮ ਚੁੱਕਣਗੇ। ਹੁਣ ਵਿਕਾਸ ਦੇ ਏਜੰਡੇ ਨੂੰ ਪੂਰੀ ਤਾਕਤ ਨਾਲ ਧੱਕਣ ਦੀ ਲੋੜ ਹੈ। -ਪੀਟੀਆਈ