ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਅਗਸਤ
ਵੈਨਕੂਵਰ ਕੋਸਟਲ ਹੈਲਥ ਅਥਾਰਿਟੀ ਵੱਲੋਂ ਕੁਝ ਕੁੱਤਿਆਂ ਨੂੰ ਸਿੱਖਿਅਤ ਕੀਤਾ ਗਿਆ ਹੈ, ਜੋ ਕਿਸੇ ਵਿਅਕਤੀ ਨੂੰ ਸੁੰਘ ਕੇ ਉਸ ਦੇ ਕਰੋਨਾ ਪੀੜਤ ਹੋਣ ਜਾਂ ਨਾ ਹੋਣ ਬਾਰੇ ਜਾਣਕਾਰੀ ਦੇਣ ਦੇ ਸਕਣਗੇ। ਇਸ ਸਬੰਧੀ ਤਿੰਨ ਕੁੱਤਿਆਂ ਨੂੰ 6 ਮਹੀਨਿਆਂ ਦੀ ਸਿਖਲਾਈ ਦੇ ਕੇ ਉਨ੍ਹਾਂ ਦਾ ਟੈਸਟ ਲਿਆ ਗਿਆ, ਜਿਸ ਦੇ ਨਤੀਜੇ 93 ਫੀਸਦ ਸਹੀ ਨਿਕਲੇ। ਵਿਭਾਗੀ ਅਧਿਕਾਰੀ ਟੈਰੇਸਾ ਜ਼ੁਰਬਰਗ ਅਨੁਸਾਰ ਕੁੱਤਿਆਂ ਨੂੰ ਹਵਾਈ ਅੱਡੇ ਜਾਂ ਭੀੜ-ਭਾੜ ਤੇ ਆਵਾਜਾਈ ਵਾਲੀਆਂ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ, ਜਿਸ ਨਾਲ ਕਰੋਨਾ ਦੇ ਫੈ਼ਲਾਅ ’ਤੇ ਕਾਫੀ ਰੋਕ ਲੱਗ ਸਕੇਗੀ। ਉਸ ਨੇ ਦੱਸਿਆ ਕਿ ਮਨੁੱਖਾਂ ਦੇ ਮੁਕਾਬਲੇ ਕੁੱਤਿਆਂ ਦੀ ਸੁੰਘਣ ਸ਼ਕਤੀ (ਓਲਫੈਕਟਰੀ ਰਿਸੈੱਪਟਰਜ਼) ਹਜ਼ਾਰਾਂ ਗੁਣਾ ਵੱਧ (ਮਨੁੱਖ 400 ਤੇ ਕੁੱਤਾ 30 ਕਰੋੜ) ਹੁੰਦੀ ਹੈ ਤੇ ਇਸ ਦਾ ਲਾਭ ਲਿਆ ਜਾਣਾ ਚਾਹੀਦਾ ਹੈ। ਜ਼ੁਰਬਰਗ ਨੇ ਦੱਸਿਆ ਕਿ ਇਸ ਢੰਗ ਦੀ ਵਰਤੋਂ ਬਾਰੇ ਅਗਲੇ ਦਿਨਾਂ ਵਿੱਚ ਫੈ਼ਸਲਾ ਲੈ ਲਿਆ ਜਾਵੇਗਾ ਤੇ ਟੀਮ ਵਿਚ ਕੁਝ ਹੋਰ ਕੁੱਤੇ ਸ਼ਾਮਲ ਕੀਤੇ ਜਾ ਸਕਦੇ ਹਨ।