ਕੋਇਟਾ, 1 ਨਵੰਬਰ
ਇੱਥੇ ਅੱਜ ਹਿੰਦੂ, ਸਿੱਖ ਤੇ ਈਸਾਈ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਪਾਕਿਸਤਾਨੀ ਨਾਗਰਿਕਾਂ ਨੇ ਧਰਮ ਦੀ ਨਿੰਦਾ ਕਰਦਾ ਵਿਅੰਗਮਈ ਚਿੱਤਰ ਮੁੜ ਛਾਪਣ ਵਾਲੀ ਇਕ ਮੈਗਜ਼ੀਨ ਦਾ ਬਚਾਅ ਕਰਨ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਖ਼ਿਲਾਫ਼ ਪ੍ਰਦਰਸ਼ਨ ਕੀਤਾ।
‘ਡਾਅਨ’ ਦੀ ਖ਼ਬਰ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਆਰੀਆ ਸਮਾਜ ਮੰਦਰ ਤੋਂ ਮਾਰਚ ਸ਼ੁਰੂ ਕੀਤਾ ਅਤੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦੇ ਹੋਏ ਉਨ੍ਹਾਂ ਨੇ ਕੋਇਟਾ ਪ੍ਰੈੱਸ ਕਲੱਬ ਦੇ ਬਾਹਰ ਪਹੁੰਚ ਕੇ ਧਰਨਾ ਦਿੱਤਾ। ਇਸ ਪਦਰਸ਼ਨ ਦੀ ਅਗਵਾਈ ਐੱਮਪੀਏ ਦਨੇਸ਼ ਕੁਮਾਰ, ਪਾਸਟਰ ਸਾਇਮਨ ਬਸ਼ੀਰ ਅਤੇ ਸਿੱਖ ਭਾਈਚਾਰੇ ਦੇ ਆਗੂ ਜਸਬੀਰ ਸਿੰਘ ਨੇ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਦਨੇਸ਼ ਕੁਮਾਰ ਨੇ ਕਿਹਾ ਕਿ ਫਰਾਂਸਿਸੀ ਮੈਗਜ਼ੀਨ ਵੱਲੋਂ ਧਰਮ ਨੂੰ ਨਿੰਦਣ ਵਾਲਾ ਵਿਅੰਗਮਈ ਚਿੱਤਰ ਮੁੜ ਛਾਪੇ ਜਾਣ ਅਤੇ ਮੈਕਰੌਂ ਸਰਕਾਰ ਵੱਲੋਂ ਇਸ ਮੈਗਜ਼ੀਨ ਦਾ ਬਚਾਅ ਕੀਤੇ ਜਾਣ ਸਬੰਧੀ ਫ਼ੈਸਲੇ ਨਾਲ ਨਾ ਸਿਰਫ਼ ਮੁਸਲਮਾਨਾਂ, ਬਲਕਿ ਪਾਕਿਸਤਾਨ ’ਚ ਰਹਿੰਦੇ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ।ਪਾਸਟਰ ਬਸ਼ੀਰ ਨੇ ਮੰਗ ਕੀਤੀ ਕਿ ਫਰਾਂਸ ਸਰਕਾਰ ਮੁਆਫ਼ੀ ਮੰਗੇ। ਇਸੇ ਦੌਰਾਨ ਜਸਬੀਰ ਸਿੰਘ ਨੇ ਮੈਗਜ਼ੀਨ ਦਾ ਬਚਾਅ ਕਰਨ ਲਈ ਫਰਾਂਸ ਸਰਕਾਰ ਦੀ ਆਲੋਚਨਾ ਕੀਤੀ। -ਆਈਏਐੱਨਐੱਸ