ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ’ਤੇ ਇਥੋਂ ਦੀ ਅਦਾਲਤ ਵੱਲੋਂ 27 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਉੱਤਰ-ਪੂਰਬੀ ਦਿੱਲੀ ’ਚ ਦੰਗਿਆਂ ਦੀ ਸਾਜ਼ਿਸ਼ ਦੇ ਕੇਸ ’ਚ ਖਾਲਿਦ ਨੂੰ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਉਮਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੀ ਅਗਲੀ ਤਰੀਕ ਤੱਕ ਸਰਕਾਰੀ ਧਿਰ ਤੋਂ ਜਵਾਬ ਮੰਗਿਆ ਹੈ। ਇਸ ਕੇਸ ’ਚ ਮੁਲਜ਼ਮ ਵੱਲੋਂ ਸੀਨੀਅਰ ਵਕੀਲ ਤ੍ਰਿਦੀਪ ਪਾਇਸ ਉਸ ਦਾ ਪੱਖ ਰੱਖ ਰਹੇ ਹਨ। ਖਾਲਿਦ ਅਤੇ ਕੁਝ ਹੋਰ ਵਿਅਕਤੀਆਂ ’ਤੇ ਦੋਸ਼ ਲੱਗਾ ਹੈ ਕਿ ਉਹ ਫਰਵਰੀ 2020 ’ਚ ਹੋਈ ਹਿੰਸਾ ਦੇ ‘ਮਾਸਟਰਮਾਈਂਡ’ ਸਨ ਜਿਸ ’ਚ 53 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 700 ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ। ਯੂਏਪੀਏ ਤਹਿਤ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ, ਜੇਐੱਨਯੂ ਦੀਆਂ ਵਿਦਿਆਰਥਣਾਂ ਨਤਾਸ਼ਾ ਨਰਵਾਲ ਤੇ ਦੇਵਾਂਗਨਾ ਕਲਿਤਾ, ਜਾਮੀਆ ਤਾਲਮੇਲ ਕਮੇਟੀ ਦੇ ਮੈਂਬਰ ਸਫ਼ੂਰਾ ਜ਼ਰਗਰ, ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਅਤੇ ਹੋਰ ਕਈਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਨੇ ਤਨਹਾ, ਨਰਵਾਲ ਅਤੇ ਕਲੀਤਾ ਨੂੰ ਜ਼ਮਾਨਤ ਦੇ ਦਿੱਤੀ ਸੀ। -ਪੀਟੀਆਈ