ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਅਪਰੈਲ
ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ‘ਫਿਟ ਇੰਡੀਆ ਕਵਿਜ਼’ ਦੇ ਕੌਮੀ ਰਾਊਂਡ ਲਈ 72 ਜੇਤੂਆਂ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਵੀ ਚਾਰ ਬੱਚੇ ਚੁਣੇ ਗਏ ਹਨ। ਇਹ ਜਾਣਕਾਰੀ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ (ਐੱਨਆਈਐੱਸ) ਵੱਲੋਂ ਸਾਂਝੀ ਕੀਤੀ ਗਈ ਹੈ। ਜੋ ਬੱਚੇ ਸਟੇਟ ਚੈਂਪੀਅਨ ਰਹੇ ਉਨ੍ਹਾਂ ਨੂੰ 2.75 ਲੱਖ (ਹਰੇਕ ਨੂੰ) ਇਨਾਮ ਦਿੱਤਾ ਗਿਆ। ਜੋ ਬੱਚੇ ਦੂਜੇ ਸਥਾਨ ਦੇ ਜੇਤੂ ਰਹੇ ਉਨ੍ਹਾਂ ਨੂੰ ਵੀ 1.10 ਲੱਖ ਦਾ ਇਨਾਮ ਹਰੇਕ ਨੂੰ ਦਿੱਤੇ ਗਏ, ਤੀਜੇ ਸਥਾਨ ਵਾਲਿਆਂ ਨੂੰ 55 ਹਜ਼ਾਰ ਦਾ ਇਨਾਮ ਦਿੱਤਾ ਗਿਆ। ਆਖ਼ਰੀ ਰਾਊਂਡ ਵਿਚ ਭਾਰਤ ਦੇ ਰਾਜਾਂ ਵਿੱਚੋਂ 36 ਸਕੂਲਾਂ ਦੇ 2-2 ਬੱਚੇ ਚੁਣੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦੇ ਯਾਦਵਿੰਦਰ ਪਬਲਿਕ ਸਕੂਲ ਦੇ ਐੱਸਏਐੱਸ ਨਗਰ ਮੁਹਾਲੀ ਦੇ ਮਨਨ ਥਰੇਜਾ ਤੇ ਜਯਵੀਰ ਸਿੰਘ ਸੰਧੂ ਚੁਣੇ ਗਏ ਹਨ ਜਦ ਕਿ ਚੰਡੀਗੜ੍ਹ ਦੇ ਭਵਨ ਵਿਦਿਆਲਿਆ ਦੇ ਜਿਯਾ ਤਾਕੇਜਾ ਤੇ ਯਥਾਰਥ ਰੱਤੀ ਫਿੱਟ ਇੰਡੀਆ ਦੇ ਆਖ਼ਰੀ ਰਾਊਂਡ ਵਿਚ ਜਾਣਗੇ। ਆਖ਼ਰੀ ਰਾਊਂਡ ਵਿਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਦਿਲੀ, ਉਤਰ ਪ੍ਰਦੇਸ਼, ਬਿਹਾਰ, ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅਸਾਮ, ਪੱਛਮੀ ਬੰਗਾਲ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੋਆ, ਤਾਮਿਲਨਾਡੂ, ਪਾਂਡੀਚਰੀ, ਅੰਡੇਮਾਨ ਨਿਕੋਬਾਰ, ਤੇਲੰਗਾਨਾ ਆਦਿ ਦੇ ਦੋ-ਦੋ ਬੱਚੇ ਚੁਣੇ ਗਏ ਹਨ।