ਪੱਤਰ ਪ੍ਰੇਰਕ
ਦੋਰਾਹਾ, 2 ਜੂਨ
ਇੱਥੋਂ ਦੇ ਜੈਪੁਰਾ ਰੋਡ ਦੇ ਵਸਨੀਕਾਂ ਨੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਕਾਂਗਰਸੀ ਵਿਧਾਇਕ ਅਤੇ ਕੌਂਸਲਰਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਾਰਡ ਨੰਬਰ-9 ਦੇ ਲੋਕਾਂ ਨੇ ਦੋਸ਼ ਲਾਇਆ ਕਿ ਕੌਂਸਲਰ ਵੋਟਾਂ ਮੰਗਣ ਸਮੇਂ ਕੈਪਟਨ ਨਾਲੋਂ ਵੀ ਵੱਡੇ ਵਾਅਦੇ ਕਰ ਕੇ ਜਾਂਦੇ ਹਨ, ਪਰ ਮੁੜ ਕੇ ਇਲਾਕੇ ਦੀ ਸਾਰ ਨਹੀਂ ਲਈ ਜਾਂਦੀ। ਇਸ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਵਗਦੇ ਗੰਦੇ ਪਾਣੀ ਕਾਰਨ ਹਰ ਸਮੇਂ ਬਦਬੂ ਰਹਿੰਦੀ ਹੈ ਅਤੇ ਕੋਈ ਭਿਆਨਕ ਬਿਮਾਰੀ ਫੈਲਣ ਦਾ ਡਰ ਬਣਿਆ ਹੈ। ਚੋਣਾਂ ਸਮੇਂ ਕਾਂਗਰਸੀਆਂ ਨੇ ਇਹ ਗੰਦਾ ਪਾਣੀ ਕੌਂਸਲਰ ਦੇ ਪਲਾਟ ’ਚ ਪਾ ਦਿੱਤਾ, ਜਿਸ ਨੇ ਹਾਰਨ ਉਪਰੰਤ ਪਲਾਟ ਦੀਆਂ ਕੰਧਾਂ ਕਰ ਕੇ ਪਾਣੀ ਬੰਦ ਕਰ ਦਿੱਤਾ।
ਪਿੰਡ ਦੇ ਕਾਂਗਰਸੀ ਆਗੂ ਨੇਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਕਈ ਵਾਰ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਜਾਣੂ ਕਰਵਾਇਆ, ਪਰ ਕੋਈ ਸੁਣਵਾਈ ਨਹੀਂ ਹੋਈ। ਵਾਰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਅੰਦਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨਾ ਲਾਇਆ ਜਾਵੇਗਾ।
ਵਫ਼ਦ ਵੱਲੋਂ ਗੰਦੇ ਪਾਣੀ ਦੇ ਨਿਕਾਸ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਜੂਨ
ਇੱਥੋਂ ਦੇ ਮੋਰੀ ਗੇਟ ਇਲਾਕੇ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ’ਚੋਂ ਆਉਣ-ਜਾਣ ਲਈ ਮਜਬੂਰ ਹਨ। ਇਹ ਜਦੋ-ਜਹਿਦ ਉਨ੍ਹਾਂ ਦੋ-ਚਾਰ ਦਿਨਾਂ ਤੋਂ ਨਹੀਂ ਬਲਕਿ ਪੂਰੇ 25 ਦਿਨ ਤੋਂ ਕਰਨੀ ਪੈ ਰਹੀ ਹੈ। ਪਹਿਲਾਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਬਾਅਦ ’ਚ ਆਪਣੇ ਪੱਧਰ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਯਤਨ ਕਰਨ ਤੋਂ ਬਾਅਦ ਵੀ ਜਦੋਂ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਹੋਇਆ ਤਾਂ ਦੁਕਾਨਦਾਰ ਤੇ ਇਲਾਕਾ ਵਾਸੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੂੰ ਮਿਲੇ। ਉਨ੍ਹਾਂ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਵੀ ਮੁਲਾਕਾਤ ਕੀਤੀ।
ਵਫ਼ਦ ’ਚ ਸ਼ਾਮਲ ਰਾਜਵਿੰਦਰ ਸਿੰਘ ਗੋਲਡੀ, ਗੁਰਚਰਨ ਸਿੰਘ ਚੱਢਾ, ਸਤਨਾਮ ਸਿੰਘ ਨਾਮ੍ਹਾ, ਮਨਿੰਦਰ ਸਿੰਘ ਮਨੀ, ਬਲਜੀਤ ਸਿੰਘ, ਦਵਿੰਦਰ ਸਿੰਘ, ਸ਼ੁਭਮ ਨੇ ਦੱਸਿਆ ਕਿ ਲਹਿੰਦੀ ਭੈਣੀ ਨੂੰ ਜਾ ਰਹੀ ਸੜਕ ਇੰਟਰਲਾਕ ਟਾਈਲਾਂ ਨਾਲ ਉੱਚੀ ਕਰਕੇ ਬਣਾਈ ਜਾ ਰਹੀ ਹੈ। ਇਸ ਕਾਰਨ ਮੋਰੀ ਗੇਟ ਨੇੜੇ ਬਣ ਰਹੀ ਸੜਕ ’ਤੇ ਨਾਲੇ ਤੇ ਸੀਵਰੇਜ ਸਣੇ ਡੇਅਰੀਆਂ ਦੀ ਗੰਦਗੀ ਜਮ੍ਹਾਂ ਹੋ ਰਹੀ ਹੈ।
ਚੇਅਰਮੈਨ ਨੇ ਫੌਰੀ ਨਗਰ ਕੌਂਸਲ ਦੇ ਐੱਸਓ ਸੱਤਿਆਜੀਤ ਨੂੰ ਸੱਦ ਕੇ ਦੋ ਦਿਨਾਂ ਅੰਦਰ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।