ਲਖਨਊ, 26 ਦਸੰਬਰ
ਮੁੱਖ ਅੰਸ਼
- ਦੇਸ਼ ’ਤੇ ਮਾੜੀ ਨਜ਼ਰ ਰੱਖਣ ਵਾਲੇ ਮੁਲਕਾਂ ਨੂੰ ਦਿੱਤੀ ਚਿਤਾਵਨੀ
- ਬ੍ਰਹਿਮੋਸ ਉਤਪਾਦਨ ਕੇਂਦਰ ਦਾ ਨੀਂਹ ਪੱਥਰ ਰੱਖਿਆ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਬ੍ਰਹਿਮੋਸ ਮਿਜ਼ਾਈਲਾਂ ਕਿਸੇ ਮੁਲਕ ਖ਼ਿਲਾਫ਼ ਹਮਲੇ ਲਈ ਨਹੀਂ ਸਗੋਂ ਆਪਣੀ ਸੁਰੱਖਿਆ ਲਈ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮੁਲਕ ਸਾਡੇ ’ਤੇ ਮਾੜੀ ਨਜ਼ਰ ਰੱਖਣ ਦੀ ਹਿੰਮਤ ਨਾ ਕਰੇ, ਇਸ ਲਈ ਦੇਸ਼ ’ਚ ਮਿਜ਼ਾਈਲਾਂ ਬਣਾਉਣਾ ਚਾਹੁੰਦੇ ਹਾਂ। ‘ਬ੍ਰਹਿਮੋਸ ਮਿਜ਼ਾਈਲਾਂ ਅਤੇ ਹੋਰ ਹਥਿਆਰ ਤੇ ਰੱਖਿਆ ਸਾਜ਼ੋ ਸਾਮਾਨ ਅਸੀਂ ਕਿਸੇ ਮੁਲਕ ’ਤੇ ਹਮਲੇ ਲਈ ਨਹੀਂ ਬਣਾ ਰਹੇ ਹਾਂ। ਇਹ ਕਦੇ ਵੀ ਭਾਰਤ ਦਾ ਕਿਰਦਾਰ ਨਹੀਂ ਰਿਹਾ ਕਿ ਉਹ ਕਿਸੇ ਦੂਜੇ ਮੁਲਕ ਦੀ ਇਕ ਇੰਚ ਵੀ ਜ਼ਮੀਨ ਆਪਣੇ ਕਬਜ਼ੇ ’ਚ ਲਏ ਜਾਂ ਉਸ ’ਤੇ ਹਮਲਾ ਕਰੇ।’ ਰੱਖਿਆ ਮੰਤਰੀ ਨੇ ਇਥੇ ਬ੍ਰਹਿਮੋਸ ਉਤਪਾਦਨ ਕੇਂਦਰ ਅਤੇ ਡਿਫੈਂਸ ਤਕਨਾਲੋਜੀਸ ਤੇ ਟੈਸਟ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਸਨ। ਪਾਕਿਸਤਾਨ ਦਾ ਜ਼ਿਕਰ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ,‘‘ਇਕ ਗੁਆਂਢੀ ਮੁਲਕ ਕੁਝ ਸਮਾਂ ਪਹਿਲਾਂ ਭਾਰਤ ਤੋਂ ਵੱਖ ਹੋ ਗਿਆ ਸੀ। ਮੈਨੂੰ ਨਹੀਂ ਪਤਾ ਕਿ ਉਸ ਦੇ ਭਾਰਤ ਖ਼ਿਲਾਫ਼ ਇਰਾਦੇ ਹਮੇਸ਼ਾ ਮਾੜੇ ਕਿਉਂ ਹੁੰਦੇ ਹਨ। ਉਨ੍ਹਾਂ ਪੁਲਵਾਮਾ ਅਤੇ ਉੜੀ ’ਚ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦਿੱਤਾ।’’ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਮਗਰੋਂ ਪ੍ਰਧਾਨ ਮੰਤਰੀ ਨੇ ਫ਼ੈਸਲਾ ਲਿਆ ਅਤੇ ਉਸ ਮੁਲਕ ’ਚ ਹਵਾਈ ਹਮਲੇ ਕਰਕੇ ਦਹਿਸ਼ਤਗਰਦਾਂ ਦੇ ਛਿਪਣ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ। ‘ਅਸੀਂ ਮੁਲਕ ’ਚ ਹੀ ਨਹੀਂ ਸਰਹੱਦ ਪਾਰ ਜਾ ਕੇ ਵੀ ਉਨ੍ਹਾਂ ਦਾ ਖ਼ਾਤਮਾ ਕਰ ਸਕਦੇ ਹਾਂ। ਇਹੋ ਭਾਰਤ ਦੀ ਤਾਕਤ ਹੈ।’ ਇਸ ਦੌਰਾਨ ਆਪਣੇ ਸੰਬੋਧਨ ’ਚ ਮੁੱਖ ਮੰਤਰੀ ਆਦਿੱਤਿਆਨਾਥ ਨੇ ਕਿਹਾ ਕਿ ਮੁਲਕ ਦਾ ਸਟੈਂਡ ਸਪੱਸ਼ਟ ਹੈ ਅਤੇ ਸੁਰੱਖਿਆ ਨੂੰ ਹਲਕੇ ਢੰਗ ਨਾਲ ਨਹੀਂ ਲਿਆ ਜਾ ਰਿਹਾ ਹੈ। ‘ਇਹ ਨਵਾਂ ਭਾਰਤ ਹੈ ਜਿਹੜਾ ਪਹਿਲਾਂ ਭੜਕਾਉਂਦਾ ਨਹੀਂ ਹੈ ਪਰ ਜਿਹੜਾ ਕੋਈ ਨਾਪਾਕ ਕੋਸ਼ਿਸ਼ ਕਰਦਾ ਹੈ, ਉਸ ਨੂੰ ਬਖ਼ਸ਼ਦਾ ਵੀ ਨਹੀਂ ਹੈ।’ ਰੱਖਿਆ ਮੰਤਰੀ ਨੇ ਪ੍ਰਾਜੈਕਟਾਂ ਲਈ ਜ਼ਮੀਨ ਐਕੁਆਇਰ ਤੇਜ਼ੀ ਨਾਲ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਵੀ ਕੀਤੀ। -ਪੀਟੀਆਈ