ਪੱਤਰ ਪ੍ਰੇਰਕ
ਸਮਾਣਾ, 13 ਅਗਸਤ
ਪਿੰਡ ਗਾਜ਼ੀਪੁਰ ’ਚ ਸਥਿਤ ਸਰਕਾਰੀ ਗਊਸ਼ਾਲਾ ਜਿਥੇ ਅੱਜ ਸ਼ਿਵਲਿੰਗ ਸਥਾਪਿਤ ਕਰਨ ਲਈ ਰੱਖੇ ਸਮਾਗਮ ਨੂੰ ਲੋਕਾਂ ਦੇ ਵਿਰੋਧ ਕਾਰਨ ਰੱਦ ਕਰਨਾ ਪਿਆ। ਅਣਸੁਖਾਵੀਂ ਘਟਨਾ ਦੇ ਡਰੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਪਿੰਡ ਗਾਜੀਪੁਰ ਵਿੱਚ 23 ਏਕੜ ਜ਼ਮੀਨ ਵਿੱਚ ਸਰਕਾਰੀ ਗਊਸ਼ਾਲਾ ਦਾ ਨਿਰਮਾਣ ਕਰਵਾਇਆ ਗਿਆ ਸੀ। ਪਿਛਲੇ ਦੋ ਦਿਨਾਂ ਤੋਂ ਸ਼ਿਵਲਿੰਗ ਦੀ ਸਥਾਪਨਾ ਨੂੰ ਲੈ ਕੇ ਹਵਨ ਯੱਗ ਚੱਲ ਰਿਹਾ ਸੀ। ਸਮਾਗਮ ਬਾਰੇ ਪਤਾ ਲੱਗਣ ’ਤੇ ਪਿੰਡ ਗਾਜੀਪੁਰ ਵਾਸੀਆਂ ਅਤੇ ਕਿਸਾਨਾਂ ਨੇ ਗਊਸ਼ਾਲਾ ਪਹੁੰਚ ਕੇ ਸ਼ਿਵਲਿੰਗ ਦੀ ਸਥਾਪਨਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਰਪੰਚ ਜਸਵੰਤ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਇਹ ਜ਼ਮੀਨ ਕੇਵਲ ਗਊਸ਼ਾਲਾ ਲਈ ਦਿੱਤੀ ਸੀ, ਨਾ ਕਿ ਕੋਈ ਧਾਰਮਿਕ ਸਥਾਨ ਲਈ। ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਵਿਰੋਧ ਦਾ ਪਤਾ ਲੱਗਣ ’ਤੇ ਮੌਕੇ ’ਤੇ ਤਹਿਸੀਲਦਾਰ ਗੁਰਲੀਨ ਕੌਰ, ਨਾਇਬ ਤਹਿਸੀਲਦਾਰ ਹਰਨੇਕ ਸਿੰਘ, ਸਦਰ ਥਾਣਾ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਪੂਰੀ ਫੋਰਸ ਨਾਲ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੋਵਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਕਿਹਾ ਕਿ ਸ਼ਿਵਲਿੰਗ ਗਾਜ਼ੀਪੁਰ ਗਊਸ਼ਾਲਾ ਵਿਚ ਸਥਾਪਿਤ ਨਾ ਹੋ ਕੇ ਕਿਸੇ ਹੋਰ ਧਾਰਮਿਕ ਜਗ੍ਹਾ ਉਤੇ ਸਥਾਪਿਤ ਕੀਤਾ ਜਾਵੇਗਾ। ਗਊਸ਼ਾਲਾ ਦੇ ਪ੍ਰਮੁੱਖ ਸੇਵਾਦਾਰ ਟਿੰਕਾ ਗਾਜੇਵਾਸ ਨੇ ਕਿਹਾ ਕਿ ਅੱਜ ਸ਼ਿਵਲੰਗ ਕਿਸੇ ਦਾਨੀ ਸੱਜਣ ਵੱਲੋਂ ਸਥਾਪਿਤ ਕਰਨ ਲਈ ਦਾਨ ਕੀਤਾ ਗਿਆ ਸੀ ਪਰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਉਹ ਇਸ ਸ਼ਿਵਲਿੰਗ ਨੂੰ ਕਿਸੇ ਉੱਚਿਤ ਸਥਾਨ ’ਤੇ ਸਥਾਪਿਤ ਕਰਨਗੇ।