ਨਵੀਂ ਦਿੱਲੀ, 26 ਦਸੰਬਰ
ਓਮੀਕਰੋਨ ਦੇ ਲਗਾਤਾਰ ਵਧਦੇ ਕੇਸਾਂ ਦਰਮਿਆਨ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਖ਼ਿਲਾਫ਼ ਜੰਗ ’ਚ ਵਿਅਕਤੀਗਤ ਇਹਤਿਆਤ ਅਤੇ ਅਨੁਸ਼ਾਸਨ ਮੁਲਕ ਦੀ ਵੱਡੀ ਤਾਕਤ ਹਨ। ਸ੍ਰੀ ਮੋਦੀ ਨੇ ਆਕਾਸ਼ਵਾਣੀ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕਿਹਾ ਕਿ ਜੇਕਰ ਭਾਰਤ ਦੇ ਟੀਕਾਕਰਨ ਸਬੰਧੀ ਅੰਕੜਿਆਂ ਦੀ ਆਲਮੀ ਪੱਧਰ ’ਤੇ ਤੁਲਨਾ ਕੀਤੀ ਜਾਵੇ ਤਾਂ ਦੇਸ਼ ਨੇ ਆਪਣੀ ਟੀਕਾਕਰਨ ਮੁਹਿੰਮ ’ਚ ‘ਵਿਲੱਖਣ’ ਕੰਮ ਕੀਤਾ ਹੈ ਪਰ ਲੋਕਾਂ ਨੂੰ ਓਮੀਕਰੋਨ ਕਾਰਨ ਚੌਕਸ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘‘ਸਾਡੇ ਵਿਗਿਆਨੀ ਨਵੇਂ ਓਮੀਕਰੋਨ ਸਰੂਪ ਦਾ ਲਗਾਤਾਰ ਅਧਿਐਨ ਕਰ ਰਹੇ ਹਨ। ਉਨ੍ਹਾਂ ਨੂੰ ਰੋਜ਼ਾਨਾ ਨਵੇਂ ਅੰਕੜੇ ਮਿਲ ਰਹੇ ਹਨ ਅਤੇ ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਕਦਮ ਉਠਾਏ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਸਮੂਹਿਕ ਤਾਕਤ ਕਰੋਨਾਵਾਇਰਸ ਨੂੰ ਹਰਾਏਗੀ। ‘ਸਾਨੂੰ ਜ਼ਿੰਮੇਵਾਰੀ ਦੀ ਇਸ ਭਾਵਨਾ ਨਾਲ 2022 ’ਚ ਦਾਖ਼ਲ ਹੋਣਾ ਪਵੇਗਾ।’ ਉਨ੍ਹਾਂ ਕਿਹਾ ਕਿ ਟੀਕਿਆਂ ਦੀਆਂ 140 ਕਰੋੜ ਖੁਰਾਕਾਂ ਦੇਣ ਦੇ ਪੜਾਅ ਨੂੰ ਪਾਰ ਕਰਨਾ ਹਰੇਕ ਭਾਰਤੀ ਦੀ ਆਪਣੀ ਉਪਲੱਬਧੀ ਹੈ।
ਸ੍ਰੀ ਮੋਦੀ ਨੇ ਸਾਲ ਦੇ ਅਖੀਰਲੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਗਰੁੱਪ ਕੈਪਟਨ ਵਰੁਣ ਸਿੰਘ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਤਾਮਿਲ ਨਾਡੂ ਦੇ ਕੁਨੂੰਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ’ਚ ਗੰਭੀਰ ਤੌਰ ’ਤੇ ਜ਼ਖ਼ਮੀ ਹੋਣ ਮਗਰੋਂ ਪਿਛਲੇ ਹਫ਼ਤੇ ਬੰਗਲੂਰੂ ਦੇ ਫ਼ੌਜੀ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਇਸ ਹਾਦਸੇ ’ਚ ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਫ਼ੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਸ਼ੌਰਿਆ ਚੱਕਰ ਨਾਲ ਸਨਾਮਨਿਤ ਕੀਤੇ ਜਾਣ ਦੇ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਵੱਲੋਂ ਆਪਣੇ ਸਕੂਲ ਨੂੰ ਲਿਖੀ ਚਿੱਠੀ ਦਾ ਵੀ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਕਿਹਾ,‘‘ਇਸ ਚਿੱਠੀ ਨੂੰ ਪੜ੍ਹ ਕੇ ਮੇਰੇ ਮਨ ’ਚ ਪਹਿਲਾ ਵਿਚਾਰ ਇਹੋ ਆਇਆ ਕਿ ਸਫ਼ਲਤਾ ਦੇ ਸਿਖਰ ’ਤੇ ਪਹੁੰਚ ਕੇ ਵੀ ਉਹ ਜੜ੍ਹਾਂ ਨੂੰ ਪਾਣੀ ਦੇਣਾ ਨਹੀਂ ਭੁੱਲੇ। ਦੂਜਾ, ਜਦੋਂ ਉਨ੍ਹਾਂ ਕੋਲ ਜਸ਼ਨ ਮਨਾਉਣ ਦਾ ਸਮਾਂ ਸੀ ਤਾਂ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀ ਫਿਕਰ ਸੀ। ਉਹ ਚਾਹੁੰਦੇ ਸਨ ਕਿ ਜਿਸ ਸਕੂਲ ’ਚ ਉਹ ਪੜ੍ਹੇ, ਉਥੋਂ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਵੀ ਇਕ ਜਸ਼ਨ ਬਣੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹਰ ਸਾਲ ਵਾਂਗ ‘ਪ੍ਰੀਖਿਆ ’ਤੇ ਚਰਚਾ’ ਪ੍ਰੋਗਰਾਮ ’ਚ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਸਰੋਤਿਆਂ ਨੂੰ ਅਜਿਹੀਆਂ ਪੰਜ ਕਿਤਾਬਾਂ ਬਾਰੇ ਦੱਸਣ ਲਈ ਕਿਹਾ ਜੋ ਇਸ ਸਾਲ ਉਨ੍ਹਾਂ ਦੀਆਂ ਪਸੰਦੀਦਾ ਰਹੀਆਂ। ਸ੍ਰੀ ਮੋਦੀ ਨੇ ਸੰਸਕ੍ਰਿਤ ਅਤੇ ਸਰਬਿਆਈ ਸ਼ਬਦਕੋਸ਼ ਤਿਆਰ ਕਰਨ ਵਾਲੇ ਸਰਬਿਆਈ ਵਿਦਵਾਨ ਡਾਕਟਰ ਮੋਮਿਰ ਨਿਕਿਚ ਦਾ ਜ਼ਿਕਰ ਵੀ ਕੀਤਾ। -ਪੀਟੀਆਈ